ਦਿੱਲੀ ‘ਚ ਗ੍ਰਿਫਤਾਰ ਅੱਤਵਾਦੀਆਂ ਦੇ ਟਿਕਾਣੇ ਤੋਂ ਬਰਾਮਦ ਹੋਏ ਹੈਂਡ ਗ੍ਰਨੇਡ ਬਰਾਮਦ,ਮੋਬਾਇਲ ‘ਚ ਅੱਤਵਾਦੀ ਯੋਜਨਾ ਦਾ ਬਲੂ ਪ੍ਰਿੰਟ ਵੀ ਮਿਲਿਆ
ਚੰਡੀਗੜ੍ਹ 14 ਜਨਵਰ(ਵਿਸ਼ਵ ਵਾਰਤਾ)-ਦਿੱਲੀ ਪੁਲਿਸ ਨੇ ਭਲਸਵਾ ਡੇਅਰੀ ਇਲਾਕੇ ਦੇ ਇੱਕ ਘਰ ਤੋਂ 2 ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਪੁਲਿਸ ਨੂੰ ਇੱਥੇ ਖੂਨ ਦੇ ਨਿਸ਼ਾਨ ਵੀ ਮਿਲੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇੱਥੇ ਕਿਸੇ ਦਾ ਕਤਲ ਕੀਤਾ ਗਿਆ ਹੈ। ਦਰਅਸਲ, ਪੁਲਿਸ ਨੇ 12 ਜਨਵਰੀ ਨੂੰ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਤੋਂ ਜਿਨ੍ਹਾਂ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਹ ਦੋਵੇਂ ਭਲਸਵਾ ਡੇਅਰੀ ਦੇ ਹੀ ਇੱਕ ਘਰ ਵਿੱਚ ਕਿਰਾਏ ‘ਤੇ ਰਹਿੰਦੇ ਸਨ।
ਪੁਲਿਸ ਨੇ ਦੱਸਿਆ ਕਿ ਦੋਵਾਂ ਅੱਤਵਾਦੀਆਂ ਦੇ ਮੋਬਾਈਲ ਤੋਂ ਅੱਤਵਾਦੀ ਯੋਜਨਾ ਦਾ ਬਲੂ ਪ੍ਰਿੰਟ ਮਿਲਿਆ ਹੈ। ਦੋਵਾਂ ਅੱਤਵਾਦੀਆਂ ਤੋਂ ਪੁੱਛਗਿੱਛ ‘ਚ ਸਾਹਮਣੇ ਆਈ ਜਾਣਕਾਰੀ ਤੋਂ ਬਾਅਦ ਪੁਲਸ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਭਲਸਵਾ ਘਰ ‘ਤੇ ਛਾਪਾ ਮਾਰਿਆ।
ਪਿਛਲੇ ਦਿਨੀਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਜਹਾਂਗੀਰਪੁਰੀ ਇਲਾਕੇ ਵਿੱਚ ਦੋ ਸ਼ੱਕੀ ਵਿਅਕਤੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। 12 ਜਨਵਰੀ ਨੂੰ ਪੁਲੀਸ ਨੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ ਜੱਗਾ ਅਤੇ ਨੌਸ਼ਾਦ ਵਜੋਂ ਹੋਈ ਹੈ।
ਜਗਜੀਤ ਊਧਮ ਸਿੰਘ ਨਗਰ ਉੱਤਰਾਖੰਡ ਦਾ ਰਹਿਣ ਵਾਲਾ ਹੈ। ਜਦੋਂ ਕਿ ਨੌਸ਼ਾਦ ਦਾ ਘਰ ਦਿੱਲੀ ਦੇ ਜਹਾਂਗੀਰਪੁਰੀ ‘ਚ ਹੈ। ਇਹ ਦੋਵੇਂ ਕੈਨੇਡੀਅਨ ਖਾਲਿਸਤਾਨੀ ਸਮਰਥਕ ਅਰਸ਼ਦੀਪ ਡੱਲਾ ਦੇ ਸਾਥੀ ਦੱਸੇ ਜਾਂਦੇ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ 3 ਪਿਸਤੌਲ ਅਤੇ 22 ਕਾਰਤੂਸ ਬਰਾਮਦ ਕੀਤੇ ਸਨ।
13 ਜਨਵਰੀ ਨੂੰ ਪੁਲਿਸ ਨੇ ਉਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ। ਇਸ ਦੌਰਾਨ ਸ਼ੱਕੀ ਵਿਅਕਤੀਆਂ ਨੇ ਭਲਸਵਾ ਡੇਅਰੀ ਦੇ ਟਿਕਾਣੇ ‘ਤੇ ਹੈਂਡ ਗ੍ਰੇਨੇਡ ਦੀ ਮੌਜੂਦਗੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਦੂਜੇ ਪਾਸੇ ਅਦਾਲਤ ਨੇ ਦੋਵਾਂ ਦਾ 14 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ।























