
ਚੰਡੀਗੜ੍ਹ 9 ਜਨਵਰੀ 2023 (ਵਿਸ਼ਵ ਵਾਰਤਾ) ਚੰਡੀਗੜ੍ਹ ਵਿਖੇ ਬੰਦੀ ਸਿੱਖਾਂ ਦੀ ਰਿਹਾਈਆਂ,ਬਰਗਾੜੀ ਤੇ ਬੇਅਦਬੀ,ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ ਲਈ ਅਤੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਲਈ ਲੱਗੇ ਮੋਰਚੇ ਦੀ ਸਮੇਂ ਸਮੇਂ ਸਿਰ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨ ਅਤੇ ਮੋਹਰੀ ਰੋਲ ਅਦਾ ਕਰਨ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕਤੱਰ ਸ ਜਗਦੀਪ ਸਿੰਘ ਕਾਹਲੋ ਨੇ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ। ਅੱਜ ਉਕਤ ਫੈਸਲੇ ਸੰਬੰਧੀ ਦਿੱਲੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਸ ਮਨਜੀਤ ਸਿੰਘ ਭੋਮਾ ਨੇ ਜਾਰੀ ਪ੍ਰੈਸ ਬਿਆਨ ਕਰਦਿਆਂ ਸ ਭੋਮਾ ਨੇ ਕਿਹਾ ਕਿ ਜੇਲਾਂ ਚ ਬੰਦੀ ਸਿੱਖ ਕੈਦੀਆਂ ਜੋ ਆਪਣੀਆਂ ਸਜ਼ਾਵਾਂ ਪੂਰੀ ਕਰਨ ਦੇ ਬਾਵਜੂਦ ਅਜੇ ਤੱਕ ਰਿਹਾਅ ਨਹੀ ਕੀਤੇ ਜਾ ਰਹੇ। ਪਿਛਲੇ ਦੋ ਦਹਾਕਿਆਂ ਦੌਰਾਨ ਸਿੱਖ ਸਫਾਂ ਵਿੱਚ ਬੰਦੀ ਸਿੰਘਾਂ ਵਿੱਚੋਂ ,ਜਿਨ੍ਹਾ ਨੇ ਆਪਣੀ ਬਣਦੀ ਆਪਣੀ ਵੱਧ ਤੋਂ ਵੱਧ ਮਿਆਦੀ ਸਜਾ ਪੂਰੀ ਕਰ ਲਈ ਹੈ ਪਰ ਸਰਕਾਰਾਂ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਕਰ ਰਹੀ ।ਇਹ ਸਿੱਖ ਕੌਮ ਨਾਲ ਸਰਾਸਰ ਸਿਰੇ ਦਾ ਧੱਕਾ ਕੀਤਾ ਹੈ।
ਸ ਭੋਮਾ ਨੇ ਕਿਹਾ ਕਿ ਬੰਦੀ ਸਿੰਘਾਂ ਦਾ ਕੋਈ ਅਪਰਾਧੀ ਪਿਛੋਕੜ ਨਹੀ ਹੈ।ਇਹ ਨੌਜੁਆਨ ਛੇ ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਏ ਫ਼ੌਜੀ ਹਮਲੇ ਤੋਂ ਬਾਅਦ ਪੰਥ ਤੇ ਪੰਜਾਬ ਨੂੰ ਇਨਸਾਫ ਦਿਵਾਉਣ ਲਈ ਘਰਾਂ ਤੋ ਨਿਕਲੇ ਸਨ। ਸਿੱਖ ਕੌਮ ਅਤੇ ਸਿੱਖਾਂ ਖਿਲਾਫ ਜੋ ਵਧੀਕੀਆਂ ਹੋਈਆਂ ਹਨ ਉਨ੍ਹਾ ਖਿਲਾਫ ਖੜ੍ਹੇ ਹੋਏ ਹਨ । ਸ ਭੋਮਾ ਨੇ ਕਿਹਾ ਕਿ ਖਾਲਸਾ ਪੰਥ ਬੰਦੀ ਸਿੰਘਾਂ ਦੀ ਰਿਹਾਈ ਲਈ ਕਈ ਵਾਰ ਧਰਨੇ,ਮੋਰਚੇ,ਰੋਸ ਮਾਰਚ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਅਪੀਲਾਂ ਵੀ ਕਰਦੇ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਟੱਸ ਤੋਂ ਮੱਸ ਨਹੀਂ ਹੋਈਆਂ । ਦੂਜੇ ਪਾਸੇ ਸ ਕਾਲਕਾ , ਕਾਹਲੋ , ਭੋਮਾ ਨੇ ਕਿਹਾ ਕਿ ਗੁਜਰਾਤ ਦੰਗਿਆ ਵਿੱਚ ਬਿਲਕਿਸ ਬਾਨੋ ਬਲਾਤਕਾਰ ਦੇ ਦੋਸ਼ੀਆਂ ਨੂੰ ਰਿਹਾਅ ਕੀਤਾ ਗਿਆ, ਜੇਕਰ ਬਲਾਤਕਾਰੀ ਦੋਸ਼ੀ ਰਿਹਾਅ ਹੋ ਸਕਦੇ ਹਨ ਤਾਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਕਿਉ ਨਹੀਂ ਰਿਹਾਅ ਕੀਤੇ ਜਾ ਰਹੇ ? ਜੇਕਰ ਰਾਜੀਵ ਗਾਂਧੀ ਦੇ ਹਤਿਆਰੇ ਤੇ ਬੀਬੀ ਬਾਨੋ ਦੇ ਬਲਾਤਕਾਰੀ ਤੇ ਹੋਰ ਕਾਤਲ ਛੱਡੇ ਜਾ ਸਕਦੇ ਹਨ ਤਾਂ ਫਿਰ ਬੰਦੀ ਸਿੰਘ ਨਾਲ ਵਿਤਕਰਾ ਕਿਉ ਕੀਤਾ ਜਾ ਰਿਹਾ ਹੈ।
ਸ ਭੋਮਾ ਮੁਤਾਬਕ ਜਗਤਾਰ ਸਿੰਘ ਹਵਾਰਾ 26 ਸਾਲ ਤੋਂ ਜੇਲ ਚ ਬੰਦ ਹਨ। ਭਾਈ ਗੁਰਦੀਪ ਸਿੰਘ ਖੇੜਾ ਕਰੀਬ 31 ਸਾਲ ਤੋਂ ਸਜ਼ਾ ਭੁਗਤ ਰਹੇ ਹਨ। ਭਾਈ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਕਰੀਬ 26 ਸਾਲ ਤੋ ਸਜਾ ਭੁਗਤ ਰਹੇ ਹਨ। ਭਾਈ ਬਲਵੰਤ ਸਿੰਘ ਰਾਜੋਆਣਾ 27 ਸਾਲ ਤੋਂ ਸਜਾ ਭੁਗਤ ਰਹੇ ਭਾਈ ਜਗਤਾਰ ਸਿੰਘ ਤਾਰਾ ਵੀ 15 ਸਾਲ ਤੋ ਜੇਲ ਚ ਹਨ। ਭਾਈ ਗੁਰਮੀਤ ਸਿੰਘ ਵੀ 27 ਸਾਲ ਕਰੀਬ ਸਜਾ ਭੁਗਤ ਰਹੇ ਹਨ।ਪਰਮਜੀਤ ਸਿੰਘ ਭਿਓਰਾ ਵੀ ਲੰਬੇਂ ਸਮੇਂ ਤੋਂ ਜੇਲ ਚ ਬੰਦ ਹਨ।
ਸ ਭੋਮਾ ਨੇ ਦੱਸਿਆ ਕਿ ਉਕਤ ਬੰਦੀ ਸਿੰਘਾਂ ਤੋਂ ਇਲਾਵਾ ਹੋਰ ਵੀ ਕਈ ਸਿੱਖ ਜੇਲਾਂ ਚ ਹਨ। ਇਸ ਮੌਕੇ ਸ ਹਰਮੀਤ ਸਿੰਘ ਕਾਲਕਾ,ਸ ਜਗਦੀਪ ਸਿੰਘ ਕਾਹਲੋਂ ਅਤੇ ਮਨਜੀਤ ਸਿੰਘ ਭੋਮਾ ਨੇ ਸਮੂੰਹ ਪੰਥ ਦਰਦੀਆਂ,ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਕਤ ਲੱਗੇ ਮੋਰਚੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਮੋਰਚੇ ਨੂੰ ਸਫਲ ਕੀਤਾ ਜਾਵੇ।























