15 ਵਾਰੀ ਦੀ ਵੋਟਿੰਗ ਤੋਂ ਬਾਅਦ ਕੇਵਿਨ ਮੈਕਕਾਰਥੀ ਬਣੇ ਸਪੀਕਰ
ਚੰਡੀਗੜ੍ਹ 7 ਜਨਵਰੀ(ਵਿਸ਼ਵ ਵਾਰਤਾ)- ਅਮਰੀਕਾ ਦੇ ਹੇਠਲੇ ਸਦਨ ਭਾਵ ਹਾਊਸ ਆਫ ਰਿਪਰਜ਼ੈਂਟੇਟਿਵਜ਼ ‘ਚ ਸਪੀਕਰ ਦੀ ਚੋਣ ਲਈ ਲਗਾਤਾਰ 15 ਵਾਰ ਵੋਟਿੰਗ ਹੋਈ। ਜਿਸ ਤੋਂ ਬਾਅਦ ਕੇਵਿਨ ਮੈਕਕਾਰਥੀ ਨੂੰ ਸਪੀਕਰ ਚੁਣਿਆ ਗਿਆ ਹੈ। ਅਜਿਹਾ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਜਦੋਂ ਇੰਨੇ ਦਿਨ ਲਗਾਤਾਰ ਸਪੀਕਰ ਦੀ ਚੋਣ ਲਈ ਵੋਟਿੰਗ ਹੋਈ ਹੈ।
ਇਸ ਦੌਰਾਨ ਸਦਨ ਦੇ ਇੱਕ ਮੈਂਬਰ ਮੈਟ ਗੈਜੇਟ ਨੇ ਸਪੀਕਰ ਲਈ ਡੋਨਾਲਡ ਟਰੰਪ ਦਾ ਨਾਂ ਅੱਗੇ ਰੱਖਿਆ। ਰਿਪਬਲਿਕਨ ਪਾਰਟੀ ਦੇ ਕੇਵਿਨ ਮੈਕਕਾਰਥੀ ਨੂੰ ਚੁਣਨ ਲਈ ਚਾਰ ਦਿਨਾਂ ਵਿੱਚ 15 ਗੇੜਾਂ ਦੀ ਵੋਟਿੰਗ ਹੋਈ। ਇਸ ਵਿੱਚ ਉਨ੍ਹਾਂ ਨੂੰ 428 ਵਿੱਚੋਂ 216 ਵੋਟਾਂ ਮਿਲੀਆਂ। ਜਦਕਿ 212 ਮੈਂਬਰਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਕੀਮ ਜੈਫਰੀਜ਼ ਨੂੰ ਵੋਟ ਦਿੱਤੀ। ਰਾਸ਼ਟਰਪਤੀ ਜੋਅ ਬਿਡੇਨ ਨੇ ਮੈਕਕਾਰਥੀ ਨੂੰ ਸਪੀਕਰ ਚੁਣੇ ਜਾਣ ਤੋਂ ਬਾਅਦ ਵਧਾਈ ਦਿੱਤੀ ਹੈ।ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਹਾਲ ਹੀ ਵਿੱਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਬਹੁਮਤ ਮਿਲਿਆ ਹੈ। 435 ਸੀਟਾਂ ‘ਚੋਂ ਰਿਪਬਲਿਕਨ ਪਾਰਟੀ ਨੂੰ 222 ਸੀਟਾਂ ਮਿਲੀਆਂ ਜਦਕਿ ਡੈਮੋਕ੍ਰੇਟਿਕ ਪਾਰਟੀ ਨੂੰ ਸਿਰਫ 213 ਸੀਟਾਂ ਮਿਲੀਆਂ। ਅਜਿਹੇ ‘ਚ ਮੰਨਿਆ ਜਾ ਰਿਹਾ ਸੀ ਕਿ ਰਿਪਬਲਿਕਨ ਪਾਰਟੀ ਆਸਾਨੀ ਨਾਲ ਆਪਣਾ ਸਪੀਕਰ ਚੁਣ ਲਵੇਗੀ। ਹਾਲਾਂਕਿ, ਅਜਿਹਾ ਨਹੀਂ ਹੋ ਰਿਹਾ ਸੀ। ਪਾਰਟੀ ਖੁਦ ਆਪਣੇ ਉਮੀਦਵਾਰ ਕੇਵਿਨ ਮੈਕਕਾਰਥੀ ਨੂੰ ਸਪੀਕਰ ਵਜੋਂ ਚੁਣਨ ਲਈ ਇਕਜੁੱਟ ਨਹੀਂ ਸੀ।ਡੈਮੋਕਰੇਟਸ ਦੀ ਹਾਰ ਤੋਂ ਬਾਅਦ ਨੈਨਸੀ ਪੇਲੋਸੀ ਨੇ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।























