ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤੀਜਾ ਟੀ-20 ਅੱਜ
ਸੀਰੀਜ਼ ਜਿੱਤਣ ਲਈ ਮੈਦਾਨ ‘ਚ ਉਤਰੇਗੀ ਟੀਮ ਇੰਡੀਆ
ਚੰਡੀਗੜ੍ਹ, 7 ਜਨਵਰੀ (ਵਿਸ਼ਵ ਵਾਰਤਾ) ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਰਾਜਕੋਟ ਵਿਚ ਖੇਡਿਆ ਜਾਵੇਗਾ। ਫਿਲਹਾਲ ਦੋਵੇਂ ਟੀਮਾਂ ਸੀਰੀਜ਼ ‘ਚ 1-1 ਨਾਲ ਬਰਾਬਰੀ ‘ਤੇ ਹਨ। ਅੱਜ ਜੋ ਵੀ ਜੇਤੂ ਬਣੇਗਾ, ਸੀਰੀਜ਼ ਉਸ ਦੇ ਨਾਂ ਹੋਵੇਗੀ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਮੁੰਬਈ ‘ਚ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਮੈਚ ‘ਚ 2 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਦਾਸੁਨ ਸ਼ਨਾਕਾ ਦੀ ਅਗਵਾਈ ਵਾਲੀ ਸ਼੍ਰੀਲੰਕਾ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ 16 ਦੌੜਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ ਬਰਾਬਰ ਕਰ ਲਈ। ਭਾਰਤ ਨੇ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਸਟੇਡੀਅਮ ਵਿੱਚ ਹੁਣ ਤੱਕ 4 ਅੰਤਰਰਾਸ਼ਟਰੀ ਟੀ-20 ਮੈਚ ਖੇਡੇ ਹਨ ਜਿਹਨਾਂ ਵਿੱਚੋਂ 3 ਮੈਚਾਂ ਵਿੱਚੋਂ ਜਿੱਤ ਦਰਜ ਕੀਤੀ ਅਤੇ ਇਕ ਵਿੱਚ ਮਾਤ ਝੱਲਣੀ ਪਈ ਹੈ।























