ਕਿਸਾਨ ਅੱਜ ਰੋਸ ਪ੍ਰਦਰਸ਼ਨ ਕਰਨਗੇ ਹੋਰ ਤੇਜ਼ ; ਖੋਲ੍ਹਣਗੇ ਟੋਲ ਪਲਾਜਿਆਂ ਦੇ ਬੈਰੀਕੇਡ
ਚੰਡੀਗੜ੍ਹ, 15ਦਸੰਬਰ(ਵਿਸ਼ਵ ਵਾਰਤਾ)-ਪੰਜਾਬ ਵਿੱਚ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਰੋਸ ਪ੍ਰਦਰਸ਼ਨਾਂ ਤਹਿਤ ਹੁਣ ਟੋਲ ਪਲਾਜ਼ਿਆਂ ਦਾ ਘਿਰਾਓ ਕਰਨ ਦੀ ਤਿਆਰੀ ਹੈ। ਅੱਜ ਦੁਪਹਿਰ 1 ਵਜੇ ਤੱਕ ਅੰਮ੍ਰਿਤਸਰ ਦੇ ਸਾਰੇ ਟੋਲ ਪਲਾਜ਼ਿਆਂ ਦੇ ਬੈਰੀਕੇਡ ਕਿਸਾਨਾਂ ਵੱਲੋਂ ਖੋਲ੍ਹ ਦਿੱਤੇ ਜਾਣਗੇ, ਤਾਂ ਜੋ ਲੋਕ ਬਿਨਾਂ ਟੋਲ ਅਦਾ ਕੀਤੇ ਨਿਕਲ ਸਕਣ। ਕਿਸਾਨਾਂ ਦਾ ਇਹ ਪ੍ਰਦਰਸ਼ਨ 15 ਜਨਵਰੀ ਤੱਕ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸੇ ਕਰਕੇ ਹੁਣ ਡੀਸੀ ਦਫ਼ਤਰ, ਮੰਤਰੀਆਂ ਦਾ ਘਿਰਾਓ ਕਰਨ ਤੋਂ ਬਾਅਦ ਟੋਲ ਪਲਾਜ਼ਾ ਵੱਲ ਰੁਖ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੰਮ੍ਰਿਤਸਰ ਅਧੀਨ ਪੈਂਦੇ ਮਾਨਾਵਾਲਾ, ਕੱਥੂਨੰਗਲ ਅਤੇ ਅਟਾਰੀ ਸਰਹੱਦ ਵੱਲ ਜਾਣ ਵਾਲੇ ਟੋਲ ਬੈਰੀਕੇਡ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲ੍ਹ ਦਿੱਤੇ ਜਾਣਗੇ। ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਤਿੰਨੋਂ ਟੋਲ ਪਲਾਜ਼ਿਆਂ ਦੇ ਨਾਲ-ਨਾਲ ਪੰਜਾਬ ਦੇ 18 ਟੋਲ ਪਲਾਜ਼ਿਆਂ ਦੇ ਬੈਰੀਕੇਡ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਕਿਸਾਨਾਂ ਦਾ ਸੰਘਰਸ਼ 20ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਹੁਣ ਉਨ੍ਹਾਂ ਕੋਲ ਸਰਕਾਰ ਨੂੰ ਜਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।























