ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ
ਚੰਡੀਗੜ੍ਹ, 11ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਪ੍ਰੈੱਸ ਕਲੱਬ ਦੀਆਂ ਹੋਈਆਂ ਚੋਣਾਂ ‘ਚ ਪ੍ਰੋਗਰੈਸਿਵ ਮੀਡੀਆ ਮੰਚ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਹਾਸਿਲ ਕਰਦੇ ਹੋਏ ਕਲੱਬ ਦੇ ਸਾਰੇ ਅਹੁਦੇ ਆਪਣੇ ਨਾਂ ਕੀਤੇ। ਇਨ੍ਹਾਂ ਚੋਣਾਂ ‘ਚ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਆਪਣੇ ਵਿਰੋਧੀ ਉਮੀਦਵਾਰ ਜਤਿੰਦਰ ਸ਼ਰਮਾ ਨੂੰ 315 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਪ੍ਰਧਾਨ ਦੇ ਅਹੁਦੇ ਦੀ ਚੋਣ ਜਿੱਤੀ ਤੇ ਉਹ ਆਉਂਦੇ 3 ਸਾਲਾਂ ਲਈ ਕਲੱਬ ਦੇ ਪ੍ਰਧਾਨ ਚੁਣੇ ਗਏ। ਸਤਨਾਮ ਸਿੰਘ ਮਾਣਕ ਨੇ 356 ਵੋਟਾਂ ਹਾਸਿਲ ਕੀਤੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜਤਿੰਦਰ ਸ਼ਰਮਾ ਨੂੰ ਕੇਵਲ 41 ਵੋਟਾਂ ਮਿਲੀਆਂ। ਇਸ ਮੌਕੇ ਸਤਨਾਮ ਸਿੰਘ ਮਾਣਕ ਦੇ ਪ੍ਰਧਾਨ ਚੁਣੇ ਜਾਣ ਤੇ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਤੇ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ।
ਮੰਚ ਦੇ ਹੋਰਨਾਂ ਜੇਤੂ ਰਹੇ ਉਮੀਦਵਾਰਾਂ ਵਿਚ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਮੀਤ ਪ੍ਰਧਾਨ ਪੰਕਜ ਰਾਏ, ਮਨਦੀਪ ਸ਼ਰਮਾ ਤੇ ਤੇਜਿੰਦਰ ਕੌਰ ਥਿੰਦ, ਸਕੱਤਰ ਮੇਹਰ ਮਲਿਕ, ਸੰਯੁਕਤ ਸਕੱਤਰ ਰਾਕੇਸ਼ ਕੁਮਾਰ ਸੂਰੀ ਤੇ ਖਜ਼ਾਨਚੀ ਸ਼ਿਵ ਸ਼ਰਮਾ ਸ਼ਾਮਿਲ ਹਨ। ਦੱਸ ਦਈਏ ਕਿ 511 ਮੈਂਬਰੀ ਪੰਜਾਬ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਸਵੇਰੇ 9 ਵਜੇ ਸ਼ੁਰੂ ਹੋਇਆ, ਜੋ ਸ਼ਾਮੀਂ 3 ਵਜੇ ਤੱਕ ਚੱਲਿਆ। ਇਨ੍ਹਾਂ ਚੋਣਾਂ ‘ਚ 400 ਦੇ ਕਰੀਬ ਵੋਟਰਾਂ ਨੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ। ਇਨ੍ਹਾਂ ਚੋਣਾਂ ਦਾ ਅਮਲ ਮੁੱਖ ਚੋਣ ਅਧਿਕਾਰੀ ਡਾ. ਕਮਲੇਸ਼ ਸਿੰਘ ਦੁੱਗਲ, ਕੁਲਦੀਪ ਸਿੰਘ ਬੇਦੀ ਅਤੇ ਹਰਜਿੰਦਰ ਸਿੰਘ ਅਟਵਾਲ ਦੀ ਦੇਖ-ਰੇਖ ਹੇਠ ਪੂਰਨ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਇਆ। ਇਸ ਮੌਕੇ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਸਨ। ਚੋਣਾਂ ‘ਚ ਸਮੂਹ ਪੱਤਰਕਾਰ ਭਾਈਚਾਰੇ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੀਡੀਆ ਜਗਤ ਨਾਲ ਸਬੰਧਿਤ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਸਮਾਜ ਦੇ ਹੋਰਨਾਂ ਵਰਗਾਂ ਨਾਲ ਸਬੰਧਿਤ ਆਗੂਆਂ ਨੇ ਵੀ ਸਤਨਾਮ ਸਿੰਘ ਮਾਣਕ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਸ ਵੱਡੀ ਜਿੱਤ ਤੇ ਵਧਾਈ ਦਿੱਤੀ।























