ਪੰਜਾਬ ਦੇ ਪਿੰਡਾਂ ਵਿੱਚ ਕੁਦਰਤੀ ਜਲਗਾਹਾਂ (ਛੱਪੜਾਂ) ਤੇ ਪਾਏ ਜਾ ਰਹੇ ਜਾਲ ਹਟਵਾਉਣ ਸੰਬੰਧੀ ਵਾਤਾਵਰਨ ਪ੍ਰੇਮੀ ਲਛਮਨ ਸਿੰਘ ਚੱਠਾ ਨੇ ਪੰਚਾਇਤ ਮੰਤਰੀ ਨੂੰ ਲਿਖਿਆ ਪੱਤਰ
ਚੰਡੀਗੜ੍ਹ 5 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਪਿੰਡਾਂ ਵਿੱਚ ਕੁਦਰਤੀ ਜਲਗਾਹਾਂ ਭਾਵ ਜੋ ਛੱਪੜ ਹਨ ਉਨ੍ਹਾਂ ਨੂੰ ਮੱਛੀਆਂ ਦਾ ਕਾਰੋਬਾਰ ਕਰਨ ਵਾਲੇ ਲੋਕ ਠੇਕੇ ਤੋ ਲੈ ਕੇ ਛੱਪੜਾਂ ਨੂੰ ਉਪਰ ਜਾਲ ਪਾ ਕੇ ਕਵਰ ਕਰ ਰਹੇ ਹਨ। ਜਾਲ ਪਾਉਣ ਦਾ ਕਾਰਨ ਇਹ ਹੈ ਕਿ ਪੰਛੀ ਮੱਛੀਆਂ ਨਾ ਫੜ ਸਕਣ। ਅਜਿਹੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ ਜਿੱਥੇ ਇਸ ਜਾਲ ਵਿੱਚ ਫਸ ਕੇ ਸਾਡੇ ਬਹੁਤ ਹੀ ਅਨਮੋਲ ਪੰਛੀ ਮਰ ਰਹੇ ਹਨ। ਇਸ ਸੰਬੰਧ ਵਿੱਚ ਪੰਚਾਇਤ ਯੂਨੀਅਨ ਦੇ ਸਾਬਕਾ ਮੀਤ ਪ੍ਰਧਾਨ ਅਤੇ ਵਾਤਾਵਰਣ ਪ੍ਰੇਮੀ ਮਾਸਟਰ ਲਛਮਨ ਸਿੰਘ ਚੱਠਾ ਨੇ ਪੰਜਾਬ ਦੇ ਪੰਚਾਇਤ ਮੰਤਰੀ ਨੂੰ ਪੱਤਰ ਲਿਖਿਆ ਹੈ। ਉਹਨਾਂ ਨੇ ਕਿਹਾ ਕਿ ਪਿੰਡਾਂ ਵਿਚਲੇ ਛੱਪੜ ਸਾਡੇ ਪੇਂਡੂ ਕਲਚਰ ਦਾ ਅਹਿਮ ਹਿੱਸਾ ਹਨ। ਅਸਲ ਵਿੱਚ ਇਹ ਕੁਦਰਤੀ ਜਲਗਾਹਾਂ ਹਨ। ਜਿੰਨ੍ਹਾਂ ਵਿੱਚ ਮੀਂਹ ਦਾ ਕੁਦਰਤੀ ਪਾਣੀ ਜਮਾਂ ਹੁੰਦਾ ਹੈ ਅਤੇ ਫਿਰ ਇਸ ਪਾਣੀ ਨੂੰ ਜੀਵ ਜੰਤੂ ਪੀਂਦੇ ਹਨ। ਇਹ ਛੱਪੜ ਜੀਵ ਜੰਤੂਆਂ ਦੀ ਕੁਦਰਤੀ ਭੋਜਨ ਲੜੀ ਦਾ ਵੀ ਹਿੱਸਾ ਹਨ। ਪੰਛੀਆਂ ਦੀਆਂ ਕਈ ਪ੍ਰਜਾਤੀਆਂ ਵੀ ਛੱਪੜਾਂ ਵਿੱਚ ਰਹਿੰਦੀਆਂ ਹਨ। ਇੰਨ੍ਹਾਂ ਛੱਪੜਾਂ ਤੇ ਜਾਲ ਪਾ ਕੇ ਅਸੀਂ ਕੁਦਰਤੀ ਨਿਯਮਾਂ ਦੀ ਵੀ ਉਲੰਘਣਾ ਕਰ ਰਹੇ ਹਾਂ। ਇਹ ਛੱਪੜ ਕਾਰੋਬਾਰ ਭਾਵ ਕਮਾਈ ਦਾ ਹਿੱਸਾ ਨਹੀਂ ਹਨ ਸਗੋਂ ਇਹ ਤਾਂ ਕੁਦਰਤੀ ਜਲਗਾਹਾਂ ਹਨ। ਜਿੱਥੇ ਜਾਨਵਰ/ਪੰਛੀ ਪਾਣੀ ਪੀਂਦੇ ਹਨ। ਪਰ ਅਸੀਂ ਪੈਸੇ ਦੀ ਦੌੜ ਵਿੱਚ ਆਪਣੇ ਨਿੱਜੀ ਸਵਾਰਥਾਂ ਖਾਤਰ ਕੁਦਰਤੀ ਸੋਮਿਆਂ ਦਾ ਘਾਣ ਕਰ ਰਹੇ ਹਾਂ ਅਤੇ ਜੀਵ ਜੰਤੂਆਂ ਤੋਂ ਉਨ੍ਹਾਂ ਦੇ ਰਹਿਣ ਬਸੇਰੇ ਬਣਾਉਣ ਦੀਆਂ ਥਾਵਾਂ ਅਤੇ ਪਾਣੀ ਪੀਣ ਦੇ ਸਾਧਨ ਖੋਹ ਰਹੇ ਹਾਂ। ਜੋ ਸਿੱਧਾ ਕੁਦਰਤ ਦੀ ਸਾਜੀ ਕਾਇਨਾਤ ਨਾਲ ਸ਼ਰੇਆਮ ਖਿਲਵਾੜ ਹੈ। ਅਸੀਂ ਪਹਿਲਾਂ ਹੀ ਵਾਤਾਵਰਨ ਬਹੁਤ ਖਰਾਬ ਕਰ ਲਿਆ ਹੈ। ਧਰਤੀ ਤੋਂ ਵੱਡੇ ਪੱਧਰ ਤੇ ਰੁੱਖਾਂ ਦੀ ਕਟਾਈ ਕਰਕੇ ਅਤੇ ਧਰਤੀ ਨੂੰ ਥਾਲ ਦੀ ਤਰ੍ਹਾਂ ਪੱਧਰੀ ਕਰਕੇ ਪੰਛੀਆਂ ਤੋਂ ਰਹਿਣ ਵਸੇਰੇ ਦੀਆਂ ਥਾਵਾਂ ਖੋ ਲਈਆਂ ਹਨ। ਇਹੋ ਕਾਰਨ ਹੈ ਕਿ UN.O. ਦੀਆਂ ਰਿਪੋਰਟਾਂ ਅਨੁਸਾਰ ਪੰਛੀਆਂ ਦੀਆਂ ਹਜਾਰਾਂ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ ਅਤੇ ਹਜਾਰਾਂ ਪ੍ਰਜਾਤੀਆਂ ਅਲੋਪ ਹੋਣ ਦੇ ਕਿਨਾਰੇ ਹਨ। ਜਿਸ ਦਾ ਮਨੁੱਖੀ ਜੀਵਨ ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ। ਪੰਜਾਬ ਵਿੱਚ ਪਹਿਲਾਂ ਹੀ ਛੱਪੜਾਂ ਦੀ ਗਿਣਤੀ ਘੱਟ ਚੁੱਕੀ ਹੈ। ਪੁਰਾਣੇ ਸਮਿਆਂ ਵਿੱਚ ਹਜਾਰਾਂ ਛੱਪੜ ਨਜਾਇਜ ਕਬਜਿਆਂ ਦੀ ਭੇਟ ਚੜ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਪੰਚਾਇਤ ਮੰਤਰੀ ਨੂੰ ਬੇਨਤੀ ਕੀਤੀ ਕਿ ਪੱਤਰ ਪੜਨ ਤੋਂ ਇਸ ਸੰਬੰਧ ਵਿੱਚ ਜਰੂਰ ਸਖਤ ਕਾਰਵਾਈ ਅਮਲ ਵਿੱਚ ਲਿਆਉਣਗੇ ਅਤੇ ਛੱਪੜਾਂ ਤੋਂ ਜਾਲ ਹਟਾਉਣ ਅਤੇ ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਕਰਨ ਲਈ ਪੱਤਰ ਜਾਰੀ ਕਰਨਗੇ।
























