ਪੱਤਰਕਾਰ ਖੁਦਕੁਸ਼ੀ ਮਾਮਲਾ – ਸਾਬਕਾ ਵਿਧਾਇਕ ਨੇ ਅਦਾਲਤ ਵਿੱਚ ਦਾਇਰ ਕੀਤੀ ਅਗਾਊਂ ਜ਼ਮਾਨਤ ਪਟੀਸ਼ਨ
ਚੰਡੀਗੜ੍ਹ 28 ਨਵੰਬਰ(ਵਿਸ਼ਵ ਵਾਰਤਾ)- ਪਿਛਲੇ ਦਿਨੀਂ ਕੀਤੀ ਗਈ ਪੰਜਾਬ ਦੇ ਪਟਿਆਲਾ ‘ਚ ਪੱਤਰਕਾਰ ਰਮੇਸ਼ ਸ਼ਰਮਾ ਵੱਲੋਂ ਖੁਦਕੁਸ਼ੀ ਦੇ ਮਾਮਲੇ ‘ਚ ਦੋਸ਼ੀ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸਥਾਨਕ ਅਦਾਲਤ ‘ਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਪਟੀਸ਼ਨ ‘ਤੇ ਅਦਾਲਤ ‘ਚ 30 ਨਵੰਬਰ ਨੂੰ ਸੁਣਵਾਈ ਹੋਣੀ ਹੈ। ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਭਾਵੇਂ ਰਾਜਪੁਰਾ ਸਿਟੀ ਪੁਲੀਸ ਸਟੇਸ਼ਨ ਵਿੱਚ ਦਰਜ ਕੇਸ ਵਿੱਚ ਕੁੱਲ 6 ਮੁਲਜ਼ਮ ਹਨ ਪਰ ਪੁਲੀਸ ਮੁਲਜ਼ਮ ਹਰਦਿਆਲ ਸਿੰਘ ਕੰਬੋਜ ਸਮੇਤ ਇੱਕ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਇਸ ਕੇਸ ਵਿੱਚ ਹਰਦਿਆਲ ਕੰਬੋਜ ਦਾ ਪੁੱਤਰ ਨਿਰਭੈ ਸਿੰਘ ਫੌਜੀ ਵੀ ਮੁਲਜ਼ਮ ਹੈ। ਦੱਸ ਦਈਏ ਕਿ ਪੱਤਰਕਾਰ ਨੇ ਆਪਣੇ ਸੁਸਾਈਡ ਨੋਟ ‘ਚ ਕੁਝ ਵਕੀਲਾਂ, ਆਜ਼ਾਦੀ ਘੁਲਾਟੀਆਂ ਅਤੇ ਡਾਕਟਰਾਂ ਦੇ ਨਾਂ ਵੀ ਲਿਖੇ ਸਨ। ਆਤਮਹੱਤਿਆ ਕਰਨ ਤੋਂ ਪਹਿਲਾਂ ਰਮੇਸ਼ ਸ਼ਰਮਾ ਨੇ ਇੱਕ ਵੀਡੀਓ ਬਣਾ ਕੇ ਆਪਣਾ ਦੁੱਖ ਪ੍ਰਗਟ ਕੀਤਾ ਸੀ। ਇਸ ਦੇ ਨਾਲ ਹੀ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ। ਪੁਲੀਸ ਥਾਣਾ ਸਿਟੀ ਰਾਜਪੁਰਾ ਨੇ ਰਮੇਸ਼ ਦੀ ਪਤਨੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਸੀ। ਰਮੇਸ਼ ਸ਼ਰਮਾ ਵੱਲੋਂ ਬਣਾਈ ਗਈ ਵੀਡੀਓ ਅਤੇ ਸੁਸਾਈਡ ਨੋਟ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਸੀ।























