ਟੀ-20 ਵਿਸ਼ਵ ਕੱਪ 2022- ਅੱਜ ਬੰਗਲਾਦੇਸ਼ ਨਾਲ ਭਿੜੇਗੀ ਟੀਮ ਇੰਡੀਆ
ਪੜ੍ਹੋ, ਟੀਮ ਇੰਡੀਆ ਤੇ ਜਿੱਤ ਅਤੇ ਹਾਰ ਦਾ ਕੀ ਹੋਵੇਗਾ ਅਸਰ
ਚੰਡੀਗੜ੍ਹ, 2ਨਵੰਬਰ(ਵਿਸ਼ਵ ਵਾਰਤਾ)-ਅੱਜ ਵਿਸ਼ਵ ਕੱਪ ਸੁਪਰ-12 ਗਰੁੱਪ-2 ਦੇ ਮੈਚ ਵਿੱਚ ਭਾਰਤੀ ਟੀਮ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਖਿਲਾਫ ਆਖਰੀ ਮੈਚ ਹਾਰਨ ਤੋਂ ਬਾਅਦ ਟੀਮ ਇੰਡੀਆ ਦੀ ਟੀ-20 ਵਿਸ਼ਵ ਕੱਪ ‘ਚ ਸਥਿਤੀ ਸਥਿਰ ਨਹੀਂ ਰਹੀ। ਇਸੇ ਕਾਰਨ ਅੱਜ ਐਡੀਲੇਡ ‘ਚ ਬੰਗਲਾਦੇਸ਼ ਖਿਲਾਫ ਹੋਣ ਵਾਲਾ ਮੁਕਾਬਲਾ ਕਾਫੀ ਅਹਿਮ ਹੋ ਗਿਆ ਹੈ। ਜੇਕਰ ਸਕੋਰ ਬੋਰਡ ਦੀ ਗੱਲ ਕਰੀਏ ਤਾਂ ਇਸ ਸਮੇਂ ‘ਚ ਭਾਰਤੀ ਟੀਮ ਗਰੁੱਪ-2 ‘ਚ 2 ਜਿੱਤਾਂ ਅਤੇ ਇਕ ਹਾਰ ਦੇ ਨਾਲ 3 ਮੈਚਾਂ ‘ਚ 4 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਟੀਮ ਵੀ ਇੰਨੇ ਹੀ ਮੈਚਾਂ ‘ਚ 4 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਭਾਰਤ ਇਸ ਸਮੇਂ ਬਿਹਤਰ ਨੈੱਟ ਰੇਟ ਕਾਰਨ ਬੰਗਲਾਦੇਸ਼ ਤੋਂ ਅੱਗੇ ਹੈ।
ਅੱਜ ਹੋ ਰਹੇ ਮੁਕਾਬਲੇ ਨੂੰ ਜਿੱਤ ਕੇ ਭਾਰਤ ਲਈ ਸੈਮੀਫਾਈਨਲ ‘ਚ ਪ੍ਰਵੇਸ਼ ਕਰਨਾ ਬਹੁਤ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਬੰਗਲਾਦੇਸ਼ ਹਾਰ ਦੀ ਸਥਿਤੀ ‘ਚ ਲਗਭਗ ਬਾਹਰ ਹੋ ਜਾਵੇਗਾ। ਇਸ ਮੈਚ ਤੋਂ ਬਾਅਦ ਬੰਗਲਾਦੇਸ਼ ਦਾ ਆਖਰੀ ਮੈਚ ਪਾਕਿਸਤਾਨ ਨਾਲ ਹੈ ਅਤੇ ਭਾਰਤ ਦਾ ਜ਼ਿੰਬਾਬਵੇ ਨਾਲ। ਜੇਕਰ ਭਾਰਤੀ ਟੀਮ ਬੰਗਲਾਦੇਸ਼ ਤੋਂ ਹਾਰ ਜਾਂਦੀ ਹੈ ਤਾਂ ਉਸ ਦਾ ਰਾਹ ਮੁਸ਼ਕਲ ਹੋ ਜਾਵੇਗਾ। ਇਸ ਸਥਿਤੀ ‘ਚ ਭਾਰਤ ਆਖਰੀ ਮੈਚ ‘ਚ ਜ਼ਿੰਬਾਬਵੇ ‘ਤੇ ਜਿੱਤ ਦੇ ਬਾਵਜੂਦ ਵੱਧ ਤੋਂ ਵੱਧ 6 ਅੰਕ ਹੀ ਹਾਸਲ ਕਰ ਸਕੇਗਾ। ਅਜਿਹੇ ‘ਚ ਜੇਕਰ ਪਾਕਿਸਤਾਨ ਆਪਣੇ ਆਖਰੀ ਦੋ ਮੈਚ ਜਿੱਤ ਲੈਂਦਾ ਹੈ ਤਾਂ ਉਸ ਦੇ ਵੀ 6 ਅੰਕ ਹੋ ਜਾਣਗੇ। ਫਿਰ ਬਿਹਤਰ ਨੈੱਟ ਰਨ ਰੇਟ ਵਾਲੀ ਟੀਮ ਨੂੰ ਫਾਇਦਾ ਹੋਵੇਗਾ। ਭਾਰਤ ਦੀ ਹਾਰ ਦੀ ਸੂਰਤ ਵਿੱਚ ਬੰਗਲਾਦੇਸ਼ ਦੀ ਸੰਭਾਵਨਾ ਵੀ ਕਾਫੀ ਵਧ ਜਾਵੇਗੀ। ਜੇਕਰ ਉਹ ਭਾਰਤ ਤੋਂ ਬਾਅਦ ਪਾਕਿਸਤਾਨ ਨੂੰ ਹਰਾਉਂਦਾ ਹੈ ਤਾਂ ਉਸ ਦੇ 8 ਅੰਕ ਹੋ ਜਾਣਗੇ। ਇਸ ਤਰ੍ਹਾਂ ਇਸ ਸਾਰੀ ਸਥਿਤੀ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਭਾਰਤ ਲਈ ਇਹ ਮੈਚ ਇੱਕ ਤਰ੍ਹਾਂ ਨਾਲ ਨਾਕਆਊਟ ਵਾਂਗ ਹੈ। ਹਾਰ ਦੀ ਸੂਰਤ ਵਿੱਚ ਭਾਰਤ ਲਈ ਰਾਹ ਬਹੁਤ ਮੁਸ਼ਕਲ ਹੋ ਜਾਵੇਗਾ।























