ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ
ਮੁਲਜ਼ਮ ਫੌਜੀ ਸੰਜੀਵ ਕੁਮਾਰ ਨੂੰ ਨਹੀਂ ਮਿਲੀ ਜ਼ਮਾਨਤ
ਪੜ੍ਹੋ ਅਦਾਲਤ ਨੇ ਕੀਤੀ ਕਿਹੜੀ ਅਹਿਮ ਟਿੱਪਣੀ
ਚੰਡੀਗੜ੍ਹ 13 ਅਕਤੂਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਦੇ ਵੀਡੀਓ ਲੀਕ ਮਾਮਲੇ ਵਿੱਚ ਐਮਬੀਏ ਵਿਦਿਆਰਥਣ ਸਮੇਤ ਫੌਜੀ ਸੰਜੀਵ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰਦਿਆਂ ਅਦਾਲਤ ਨੇ ਅਹਿਮ ਟਿੱਪਣੀਆਂ ਕੀਤੀਆਂ ਹਨ। ਖਰੜ ਅਦਾਲਤ ਦੀ ਜੁਡੀਸ਼ੀਅਲ ਮੈਜਿਸਟਰੇਟ ਨਿਧੀ ਸੈਣੀ ਨੇ ਸੰਜੀਵ ਸਿੰਘ ਦੀ ਅਰਜ਼ੀ ‘ਤੇ ਕਿਹਾ ਹੈ ਕਿ ਇੱਕ ਫ਼ੌਜੀ ਵੱਲੋਂ ਅਜਿਹਾ ਕੰਮ ਬਰਦਾਸ਼ਤਯੋਗ ਨਹੀਂ ਹੈ। ਇੱਕ ਫੌਜੀ ਨੂੰ ਦੇਸ਼ ਸਮੇਤ ਸਮਾਜ ਵਿੱਚ ਅਤੇ ਪੂਰੀ ਦੁਨੀਆ ਵਿੱਚ ਬਹੁਤ ਸਤਿਕਾਰ ਮਿਲਦਾ ਹੈ।
ਅਦਾਲਤ ਨੇ ਕਿਹਾ ਕਿ ਸਮਾਜ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਕ ਸਿਪਾਹੀ ਕਦੇ ਕੋਈ ਅਪਰਾਧ ਨਹੀਂ ਕਰੇਗਾ। ਇਸ ਮਾਮਲੇ ਵਿੱਚ ਸਿਪਾਹੀ ਵੱਲੋਂ ਕੀਤਾ ਗਿਆ ਕਾਰਾ ਸਮੁੱਚੇ ਮਹਿਲਾ ਸਮਾਜ ਦੇ ਖ਼ਿਲਾਫ਼ ਹੈ। ਇਸ ਤਰ੍ਹਾਂ ਮੁਲਜ਼ਮ ਜ਼ਮਾਨਤ ਦਾ ਹੱਕਦਾਰ ਨਹੀਂ ਹੈ।
ਅਦਾਲਤ ਨੇ ਪਾਇਆ ਕਿ ਮੁਲਜ਼ਮ ਫੌਜੀ ਸੰਜੀਵ ਸਿੰਘ ਇਸ ਕੇਸ ਦਾ ਮੁੱਖ ਮੁਲਜ਼ਮ ਹੈ। ਉਹ ਮੁਲਜ਼ਮ ਵਿਦਿਆਰਥਣ ਰਾਹੀਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀਆਂ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਹਾਸਲ ਕਰਨਾ ਚਾਹੁੰਦਾ ਸੀ। ਇਸ ਦੇ ਨਾਲ ਹੀ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਨੇ ਦੋਸ਼ੀ ਵਿਦਿਆਰਥਣ ਦੀ ਇਤਰਾਜ਼ਯੋਗ ਫੋਟੋ ਉਸ ਦੇ ਪਿਤਾ ਅਤੇ ਮਾਸੀ ਨੂੰ ਵੀ ਭੇਜੀ ਸੀ। ਪੂਰੀ ਪੁਲਿਸ ਫਾਈਲ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਵਿਦਿਆਰਥਣ ਅਤੇ ਸਿਪਾਹੀ ਵਿਚਕਾਰ ਗੱਲਬਾਤ ਹੋਈ ਸੀ।