‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਦੂਜੀ ਪਤਨੀ ਨੇ ਅਕਾਲ ਤਖ਼ਤ ਸਾਹਿਬ ‘ਤੇ ਕੀਤੀ ਸ਼ਿਕਾਇਤ
ਪੰਥ ਵਿੱਚੋਂ ਛੇਕਣ ਦੀ ਕੀਤੀ ਮੰਗ
ਚੰਡੀਗੜ੍ਹ 11 ਅਕਤੂਬਰ(ਵਿਸ਼ਵ ਵਾਰਤਾ)-ਦੂਜੇ ਵਿਆਹ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਹੁਣ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਐਮਐਲਏ ਦੀ ਦੂਜੀ ਪਤਨੀ ਨੇ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਮੰਗ ਕੀਤੀ ਹੈ ਕਿ ਹਰਮੀਤ ਸਿੰਘ ਪਠਾਣਮਾਜਰਾ ਨੇ ਉਸਨੂੰ ਝੂਠ ਬੋਲ ਕੇ ਵਿਆਹ ਕੀਤਾ ਹੈ ਜੋ ਕਿ ਸਿੱਖ ਮਰਿਆਦਾ ਦੇ ਖਿਲਾਫ ਹੈ। ਇਸ ਦੇ ਨਾਲ ਹੀ ਉਸਨੇ ਮੰਗ ਕੀਤੀ ਹੈ ਕਿ ਜੋ ਕੁੱਝ ਉਹਨਾਂ(ਹਰਮੀਤ) ਨੇ ਮੇਰੇ ਨਾਲ ਕੀਤਾ ਹੈ ਉਸ ਦੇ ਚੱਲਦਿਆਂ ਪਠਾਣਮਾਜਰਾ ਨੂੰ ਪੰਥ ਵਿੱਚੋਂ ਛੇਕਿਆ ਜਾਵੇ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਨੇ ਪਠਾਣਮਾਜਰਾ ਨੂੰ ਸੰਮਨ ਵੀ ਕੀਤਾ ਹੈ ਹਾਲਾਂਕਿ ਇਸ ਸੰਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।