ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ਵਿੱਚ ਫੜੇ ਗਏ ਫੌਜ ਦੇ ਜਵਾਨ ਦੀ ਅੱਜ ਖਰੜ ਕੋਰਟ ਵਿੱਚ ਪੇਸ਼ੀ
ਵੀਡੀਓ ਬਣਾਉਣ ਵਾਲੀ ਵਿਦਿਆਰਥਣ ਸਮੇਤ ਹੋਰ ਦੋ ਨੌਜਵਾਨਾਂ ਨੂੰ ਵੀ ਕੀਤਾ ਜਾਵੇਗਾ ਪੇਸ਼
ਚੰਡੀਗੜ੍ਹ,26 ਸਤੰਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾਉਣ ਦੇ ਮਾਮਲੇ ਵੇਿੱਚ ਗ੍ਰਿਫਤਾਰ ਕੀਤੇ ਗਏ ਆਰਮੀ ਦੇ ਜਵਾਨ ਸੰਜੀਵ ਸਿੰਘ ਨੂੰ ਮੁਹਾਲੀ ਪੁਲੀਸ ਅੱਜ ਖਰੜ ਅਦਾਲਤ ਵਿੱਚ ਪੇਸ਼ ਕਰੇਗੀ। ਇਸ ਦੇ ਨਾਲ ਹੀ ਮੁਲਜ਼ਮ ਵਿਦਿਆਰਥਣ ਅਤੇ 2 ਹੋਰ ਨੌਜਵਾਨਾਂ ਦਾ ਰਿਮਾਂਡ ਵੀ ਅੱਜ ਖ਼ਤਮ ਹੋ ਰਿਹਾ ਹੈ ਅਤੇ ਇਨਾਂ ਤਿੰਨਾਂ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੁਲਿਸ ਚਾਰਾਂ ਦਾ ਰਿਮਾਂਡ ਲੈ ਸਕਦੀ ਹੈ। ਕਿਉਂਕਿ ਰਿਮਾਂਡ ਦੌਰਾਨ ਐਸਆਈਟੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਚਾਰਾਂ ਮੁਲਜ਼ਮਾਂ ਦਾ ਆਪਸ ਵਿੱਚ ਕੀ ਸਬੰਧ ਹੈ ਅਤੇ ਕਿਹੜੇ ਕਾਰਨਾਂ ਕਰਕੇ ਅਤੇ ਕਿੰਨੀ ਦੇਰ ਤੋਂ ਆਰਮੀ ਜਵਾਨ ਸੰਜੀਵ ਸਿੰਘ ਲੜਕੀਆਂ ਦੀਆਂ ਇਤਰਾਜ਼ਯੋਗ ਵੀਡੀਓ ਬਣਾਉਣ ਦਾ ਆਦੇਸ਼ ਦੇ ਰਿਹਾ ਸੀ।
ਪੁਲਿਸ ਅਨੁਸਾਰ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਕੀ ਉਹ ਸਾਰੀਆਂ ਵੀਡੀਓਜ਼ ਕਿਸੇ ਹੋਰ ਨੂੰ ਫਾਰਵਰਡ ਕਰ ਰਿਹਾ ਸੀ ਜਾਂ ਫਿਰ ਉਨ੍ਹਾਂ ਨਾਲ ਕੀ ਕੰਮ ਕਰਦਾ ਸੀ, ਇਸ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹ ਜਾਣਨ ਲਈ ਕਿ ਮੁਲਜ਼ਮ ਨੇ ਆਪਣੇ ਮੋਬਾਈਲ ਵਿੱਚੋਂ ਕਿਹੜਾ ਅਤੇ ਕਿੰਨਾ ਡਾਟਾ ਡਿਲੀਟ ਕੀਤਾ ਹੈ, ਉਸ ਦੇ ਮੋਬਾਈਲ ਨੂੰ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ।
ਇਸ ਤੋਂ ਇਲਾਵਾ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਦੋਸ਼ੀ ਸੰਜੀਵ ਸਿੰਘ ਨੇ ਆਪਣੇ ਵਟਸਐਪ ‘ਤੇ ਰੰਕਜ ਦੀ ਉਹੀ ਫੋਟੋ ਕਿਉਂ ਵਰਤੀ। ਜ਼ਿਕਰਯੋਗ ਹੈ ਕਿ ਜਿਸ ਨੰਬਰ ਤੋਂ ਵਿਦਿਆਰਥਣ ਨੂੰ ਕਾਲ ਕਰਕੇ ਬਲੈਕਮੇਲ ਕੀਤਾ ਜਾ ਰਿਹਾ ਸੀ, ਉਸ ਨੰਬਰ ਦੀ ਵਰਤੋਂ ਮੁਲਜ਼ਮ ਸੰਜੀਵ ਕਰ ਰਿਹਾ ਸੀ।