
ਚੰਡੀਗੜ 25 ਸਤੰਬਰ (ਵਿਸ਼ਵ ਵਾਰਤਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕਿਹਾ ਹੈ ਕੱਲ੍ਹ ਸ ਜਗਦੀਸ਼ ਸਿੰਘ ਝੀਂਡਾ ਵਲੋਂ ਗੈਰ ਸੰਵਿਧਾਨਕ ਤੇ ਗ਼ੈਰ ਵਿਧਾਨਿਕ ਤਰੀਕੇ ਨਾਲ਼ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਬਾਦਲਾਂ ਦੇ ਹੱਥਾਂ ਵਿੱਚ ਖੇਡਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨਗੀ ਤੋਂ ਲਾਹੁਣਾ ਤੇ ਆਪਣੇ ਆਪ ਨੂੰ ਕਾਹਲੀ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਐਲਾਨਣਾ ਇਹ ਬਚਕਾਨਾ ਕਾਰਵਾਈ ਹੈ ਇਹ ਉਹਨਾਂ ਨੂੰ ਸ਼ੋਭਾ ਨਹੀਂ ਦੇਦਾ । ਇਹ ਬਾਦਲਾਂ ਦੀ ਤੂਤੀ ਵਜਾਉਣ ਵਾਲੀ ਤੇ ਹਰਿਆਣੇ ਦੇ ਸਿੱਖਾਂ ਨਾਲ਼ ਚਿੱਟੇ ਦਿਨ ਧੋਖੇ ਵਾਲੀ ਗੱਲ ਹੈ। ਉਹਨਾਂ ਕਿਹਾ ਸ ਝੀਂਡਾ ਨੇ ਕਾਹਲੀ ਵਿੱਚ ਗੈਰ ਵਿਧਾਨਕ ਕਦਮ ਚੁੱਕ ਕੇ ਆਪਣੇ ਆਪ ਨੂੰ ਖਲਨਾਇਕ ਤੇ ਚੌਧਰ ਦਾ ਭੁੱਖਾਂ ਅਤੇ ਬਾਦਲਾਂ ਦਾ ਝੋਲ਼ੀ ਚੁੱਕ ਸਾਬਿਤ ਕਰ ਲਿਆ ਹੈ। ਉਹਨਾਂ ਕਿਹਾ ਅੱਜ ਦੇ ਸਮੇਂ ਲੋੜ ਸੀ ਜਿਵੇਂ ਤੁਸੀਂ ਤੇ ਹਰਿਆਣੇ ਦੇ ਸਿੱਖਾਂ ਨੇ ਮੁੱਢ ਵਿੱਚ ਲੰਮਾਂ ਸੰਘਰਸ਼ ਕੀਤਾ ਸੀ ਪਰ ਇਹ ਅੱਜ ਦਾ ਵੀ ਸੱਚ ਹੈ ਕਿ ਇਸ ਲੜਾਈ ਦਾ ਗੋਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਰਕੇ ਬਾਦਲਾਂ ਤੋਂ ਹਰਿਆਣੇ ਦੇ ਸਿੱਖਾਂ ਨੂੰ ਆਜ਼ਾਦੀ ਦਵਾਈ ਹੈ । ਝੀਂਡਾ ਸਾਹਿਬ ਜਿਨ੍ਹਾਂ ਤੁਸੀਂ ਸੰਘਰਸ਼ ਕੀਤਾ ਸੀ ਤੁਸੀਂ ਉਸਦਾ ਸਿਹਰਾ ਲੈਂਦੇ ਤੇ ਜਥੇਦਾਰ ਦਾਦੂਵਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਪਰ ਤੁਸੀਂ ਤਾਂ ਬਾਦਲਾਂ ਦੇ ਹੱਥਾਂ ਵਿੱਚ ਖੇਡਕੇ ਹਰਿਆਣਾ ਦੇ ਸਿੱਖਾਂ ਨੂੰ ਮੁੜ ਬਾਦਲਾਂ ਦਾ ਗੁਲਾਮ ਬਣਾਉਣ ਦੇ ਰਾਹ ਤੁਰ ਪਏ ਹੋ ? ਉਹਨਾਂ ਕਿਹਾ ਜਦੋਂ ਹਰਿਆਣੇ ਦੇ ਸਾਰੇ ਸਿੱਖ ਮਾਣਯੋਗ ਸੁਪਰੀਮ ਕੋਰਟ ਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਨੂੰਨੀ ਮਾਨਤਾ ਮਿਲਣ ਤੋਂ ਬਾਅਦ ਜਿੱਤ ਦੇ ਜਸ਼ਨ ਮਨਾ ਰਹੇ ਹਨ ਤਾਂ ਇਸ ਸਮੇਂ ਝੀਂਡਾ ਸਾਹਿਬ ਨੂੰ ਜਿੱਤ ਦੇ ਜਸ਼ਨਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ। ਰਹੀ ਗੱਲ ਝੀਂਡਾ ਸਾਹਿਬ ਦੇ ਪ੍ਰਧਾਨਗੀ ਲੈਣ ਦੀ ਉਹ ਸੰਵਿਧਾਨਕ ਤਰੀਕੇ ਨਾਲ ਲੈਣ ਉਹ ਉਹਨਾਂ ਦਾ ਅਧਿਕਾਰ ਹੈ । ਇਸ ਤੋਂ ਉਹਨਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ । ਪਰ ਬਾਦਲਾਂ ਦੀ ਝੋਲੀ ਚੁੱਕ ਕੇ ਆਪਣੇ ਆਪ ਨੂੰ ਹਰਿਆਣੇ ਦੇ ਸਿੱਖਾਂ ਦੇ ਨਫ਼ਰਤ ਦੇ ਪਾਤਰ ਨਾ ਬਣਾਉ । ਉਹਨਾਂ ਹਰਿਆਣਾ ਦੇ ਸਾਰੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਸਾਰੇ ਇੱਕ ਮੁੱਠ ਹੋ ਕੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਅਤੇ ਵਧੀਆਂ ਵਿੱਦਿਅਕ ਅਦਾਰੇ ਤੇ ਹਸਪਤਾਲ ਖੋਲ੍ਹਣ ।























