ਅੰਕਿਤਾ ਭੰਡਾਰੀ ਕਤਲ ਕਾਂਡ ਮਾਮਲਾ
ਸਰਕਾਰ ਨੇ ਢਾਹਿਆ ਦੋਸ਼ੀ ਭਾਜਪਾ ਨੇਤਾ ਦੇ ਬੇਟੇ ਦਾ ਰਿਜ਼ੋਰਟ, ਲੋਕਾਂ ਨੇ ਫੈਕਟਰੀ ਨੂੰ ਲਾਈ ਅੱਗ
ਚੰਡੀਗੜ੍ਹ,24 ਸਤੰਬਰ(ਵਿਸ਼ਵ ਵਾਰਤਾ)- ਉੱਤਰਾਖੰਡ ਦੇ ਪੌੜੀ ਗੜ੍ਹਵਾਲ ‘ਚ ਅੰਕਿਤਾ ਭੰਡਾਰੀ ਕਤਲ ਕਾਂਡ ਦੇ ਦੋਸ਼ੀ ਭਾਜਪਾ ਨੇਤਾ ਦੇ ਬੇਟੇ ਦਾ ਰਿਜ਼ੋਰਟ ਢਾਹ ਦਿੱਤਾ ਗਿਆ ਹੈ। ਦੱਸ ਦਈਏ ਕਿ 19 ਸਾਲਾ ਅੰਕਿਤਾ ਭਾਜਪਾ ਨੇਤਾ ਦੇ ਬੇਟੇ ਦੇ ਰਿਜ਼ੌਰਟ ‘ਚ ਰਿਸੈਪਸ਼ਨਿਸਟ ਸੀ। ਇਸ ਮਾਮਲੇ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਨਿਰਦੇਸ਼ਾਂ ‘ਤੇ ਸ਼ੁੱਕਰਵਾਰ ਰਾਤ ਨੂੰ ਪੁਲਕਿਤ ਦੇ ਰਿਜ਼ੋਰਟ ‘ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਅੱਜ ਸਵੇਰੇ ਗੁੱਸੇ ‘ਚ ਆਏ ਲੋਕਾਂ ਨੇ ਰਿਜ਼ੋਰਟ ਨੇੜੇ ਬਣੀ ਉਸ ਦੀ ਫੈਕਟਰੀ ਨੂੰ ਵੀ ਅੱਗ ਲਗਾ ਦਿੱਤੀ।
ਇਸ ਘਟਨਾ ਤੋਂ ਬਾਅਦ ਭਾਜਪਾ ਨੇ ਪੁਲਕਿਤ ਦੇ ਪਿਤਾ ਵਿਨੋਦ ਆਰੀਆ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ। ਉਹ ਭਾਜਪਾ ਨੇਤਾ ਅਤੇ ਉੱਤਰਾਖੰਡ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਦੱਸ ਦਈਏ ਕਿ ਅੰਕਿਤਾ 18-19 ਸਤੰਬਰ ਤੋਂ ਲਾਪਤਾ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਰਿਜ਼ੋਰਟ ਪਹੁੰਚੇ ਅਤੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ। ਬੇਟੀ ਦਾ ਪਤਾ ਨਾ ਲੱਗਣ ‘ਤੇ ਉਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਸੋਸ਼ਲ ਮੀਡੀਆ ‘ਤੇ ਵੀ ਉਸ ਨੂੰ ਲੱਭਣ ਲਈ ਮੁਹਿੰਮ ਚਲਾਈ ਜਾ ਰਹੀ ਸੀ। ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਪੁਲਕਿਤ ਤੋਂ ਪੁੱਛਗਿੱਛ ਕੀਤੀ। ਮੁਲਜ਼ਮਾਂ ਨੇ ਅੰਕਿਤਾ ਨੂੰ ਗੰਗਾ ਵਿੱਚ ਧੱਕਾ ਦੇਣ ਦੀ ਗੱਲ ਕਬੂਲੀ ਹੈ। ਇਸ ਤੋਂ ਬਾਅਦ ਬਚਾਅ ਏਜੰਸੀਆਂ ਨੇ ਚਿੱਲਾ ਪਾਵਰ ਹਾਊਸ ਨੇੜੇ ਇਕ ਨਹਿਰ ‘ਚੋਂ ਅੰਕਿਤਾ ਦੀ ਲਾਸ਼ ਬਰਾਮਦ ਕੀਤੀ।