ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਹੋਇਆ ਸਮਝੌਤਾ ਸਹੀਬੰਦ
ਚੰਡੀਗੜ, 17 ਅਪ੍ਰੈਲ (ਵਿਸ਼ਵ ਵਾਰਤਾ) :ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਮਝੌਤਾ ਸਹੀਬੰਦ (ਐਮ.ਓ.ਯੂ.) ਹੋਣ ਨਾਲ ਪਟਿਆਲਾ ਵਿੱਚ ਪੰਜਾਬ ਸਟੇਟ ਏਅਰੋਨੋਟਿਕਲ ਇੰਜਨੀਅਰਿੰਗ ਕਾਲਜ (ਪੀ.ਐਸ.ਏ.ਈ.ਸੀ) ਦੀ ਸਥਾਪਨਾ ਲਈ ਰਾਹ ਪੱਧਰਾ ਹੋ ਗਿਆ ਹੈ। ਇਹ ਐਮ.ਓ.ਯੂ. ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਅਤੇ ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਦਰਮਿਆਨ ਹੋਇਆ ਜਿਸ ਤਹਿਤ ਪੀ.ਐਸ.ਏ.ਈ.ਸੀ ਨੂੰ ਮਹਾਰਾਜ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜ ਬਣਾਉਣ ਵਜੋਂ ਸਥਾਪਤ ਕਰਨ ਲਈ ਦੋਵੇਂ ਧਿਰਾਂ ਆਪਸੀ ਸਹਿਯੋਗ ਨਾਲ ਕੰਮ ਕਰਨਗੀਆਂ। ਇਸ ਸਮਝੌਤੇ ’ਤੇ ਸਕੱਤਰ ਸ਼ਹਿਰੀ ਹਵਾਬਾਜ਼ੀ-ਕਮ-ਚੇਅਰਮੈਨ ਐਗਜ਼ੈਕਟਿਵ ਕਮੇਟੀ ਸ਼ਹਿਰੀ ਹਵਾਬਾਜ਼ੀ ਕੌਂਸਲ ਤੇਜਵੀਰ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮੋਹਨ ਪਾਲ ਸਿੰਘ ਈਸ਼ਰ ਸਿੰਘ ਨੇ ਹਸਤਾਖਰ ਕੀਤੇ।
ਇਸ ਮੌਕੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਤਜਵੀਜ਼ਤ ਸੰਸਥਾ ਨੂੰ ਮੁਲਕ ਦੇ ਮੋਹਰੀ ਏਅਰਨੋਟੀਕਲ ਇੰਜਨੀਅਰਿੰਗ ਕਾਲਜ ਵਜੋਂ ਵਿਕਸਤ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਹ ਕਾਲਜ ਪਟਿਆਲਾ ਏਵੀਏਸ਼ਨ ਕਲੱਬ ਨਾਲ ਬਣਨ ਕਰਕੇ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਅਤੇ ਉਡਾਨ ਦੇ ਤਜਰਬੇ ਲਈ ਬਿਹਤਰ ਮੌਕੇ ਹਾਸਲ ਹੋਣਗੇ।
ਇਸ ਸਮਝੌਤੇ ਤਹਿਤ ਪਟਿਆਲਾ ਹਵਾਈ ਅੱਡਾ ਹਵਾਈ ਖੇਤਰ ਖਾਸ ਕਰਕੇ ਪੰਜਾਬ ਸਟੇਟ ਏਅਰੋਨੋਟਿਕਲ ਇੰਜਨੀਅਰਿੰਗ ਕਾਲਜ ਵਿਖੇ ਸਿਖਲਾਈ ਸਹੂਲਤਾਂ ਵਿਕਸਤ ਕਰਨ ਲਈ ਆਪਸੀ ਸਾਂਝ ਕਾਇਮ ਕੀਤੀ ਜਾਵੇਗੀ ਅਤੇ ਕਾਲਜ ਦੀ ਸਥਾਪਨਾ ਦੇ ਮਿੱਥੇ ਟੀਚੇ ਹਾਸਲ ਕਰਨ ਲਈ ਇਸ ਨੂੰ ਅਕਾਦਮਿਕ, ਪ੍ਰਸ਼ਾਸਨਿਕ ਅਤੇ ਵਿੱਤੀ ਸਹਿਯੋਗ ਦਿੱਤਾ ਜਾਵੇਗਾ।
ਇਸ ਸਮਝੌਤੇ ਤਹਿਤ ਪੰਜਾਬ ਸਟੇਟ ਏਅਰੋਨੋਟਿਕਲ ਇੰਜਨੀਅਰਿੰਗ ਕਾਲਜ, ਪੰਜਾਬ ਏਅਰਕਰਾਫਟ ਮੇਨਟੀਨੈਂਸ ਇੰਜਨੀਅਰਿੰਗ ਕਾਲਜ ਅਤੇ ਪਟਿਆਲਾ ਏਵੀਏਸ਼ਨ ਕਲੱਬ ਦੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਅਤੇ ਸਿਖਲਾਈ ਦਾ ਮਾਹੌਲ ਦੇਣ ਦੇ ਉਦੇਸ਼ ਨਾਲ ਸਾਰੇ ਵਸੀਲਿਆਂ ਦੀ ਢੁਕਵੀਂ ਵਰਤੋਂ ਕੀਤੀ ਜਾਵੇਗੀ। ਇਸ ਸੰਸਥਾ ਦਾ ਪੱਧਰ ਹਵਾਬਾਜ਼ੀ ਉਦਯੋਗ ਦੇ ਤੈਅ ਮਾਪਦੰਡਾਂ ਤੱਕ ਲਿਜਾਣ ਤੋਂ ਇਲਾਵਾ ਪਟਿਆਲਾ ਨੂੰ ਹਵਾਬਾਜ਼ੀ ਦੀ ਸਿਖਲਾਈ ਦੇ ਧੁਰੇ ਵਜੋਂ ਵਿਕਸਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਅਆਂ. ਡਾ. ਈਸ਼ਰ ਨੇ ਦੱਸਿਆ ਕਿ ਨਵਾਂ ਬਣਨ ਵਾਲਾ ਕਾਲਜ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਹੋ ਜਾਵੇਗਾ ਜਿੱਥੇ ਅਗਸਤ ਮਹੀਨੇ ਵਿੱਚ ਬੀ.ਟੈੱਕ. (ਏਅਰੋਨੋਟਿਕਲ) ਅਤੇ ਬੀ.ਟੈੱਕ (ਏਅਰੋਸਪੇਸ) ਦੀਆਂ ਕਲਾਸਾਂ ਆਰੰਭ ਹੋ ਜਾਣਗੀਆਂ ਕਿਉਂਕਿ ਯੂਨੀਵਰਸਿਟੀ ਨੇ ਇਨਾਂ ਦੋਵਾਂ ਕੋਰਸਾਂ ਦੇ ਸਿਲੇਬਸ ਨੂੰ ਅੰਤਮ ਰੂਪ ਦੇ ਦਿੱਤਾ ਹੈ। ਉਨਾਂ ਦੱਸਿਆ ਕਿ ਇਨਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਨੋਟਿਸ ਛੇਤੀ ਜਾਰੀ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਮਈ ਮਹੀਨੇ ਤੱਕ ਦਾਖਲੇ ਦੀ ਸਮੁੱਚੀ ਪ੍ਰਿਆ ਪੂਰੀ ਕਰ ਲਈ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਵਧੀਕ ਸਕੱਤਰ ਗਿਰੀਸ਼ ਦਯਾਲਨ, ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਸਬੀਰ ਸਿੰਘ ਹੁੰਦਲ ਅਤੇ ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਦੇ ਪ੍ਰਸ਼ਾਸਕੀ ਅਫਸਰ ਰਾਜੀਵ ਬੱਗਾ ਹਾਜ਼ਰ ਸਨ।