ਕਾਂਗਰਸ ਨੂੰ ਜਲਦ ਮਿਲ ਸਕਦਾ ਹੈ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ
ਪੜ੍ਹੋ ਕਿਹੜੇ ਕਿਹੜੇ ਆਗੂ ਪ੍ਰਧਾਨ ਦੇ ਅਹੁਦੇ ਦੀ ਚੋਣ ਲੜਨ ਦੀ ਦੌੜ ‘ਚ
ਚੰਡੀਗੜ੍ਹ,20 ਸਤੰਬਰ(ਵਿਸ਼ਵ ਵਾਰਤਾ)- ਜਲਦ ਹੀ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। ਅਗਲੇ ਮਹੀਨੇ ਹੋਣ ਵਾਲੀ ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਦੋ ਦਿੱਗਜ ਆਗੂ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਸਕਦੇ ਹਨ। ਇੱਕ ਪਾਸੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਦੂਜੇ ਪਾਸੇ ਕੇਰਲ ਤੋਂ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਹਨ। ਜਾਣਕਾਰੀ ਮੁਤਾਬਕ ਗਹਿਲੋਤ 26 ਤੋਂ 28 ਸਤੰਬਰ ਦਰਮਿਆਨ ਕਿਸੇ ਵੀ ਸਮੇਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਇਸ ਦੇ ਨਾਲ ਹੀ ਥਰੂਰ ਨੇ ਵੀ ਬੀਤੇ ਕੱਲ੍ਹ ਸੋਨੀਆ ਗਾਂਧੀ ਨੂੰ ਮਿਲਣ ਤੋਂ ਬਾਅਦ ਚੋਣ ਲੜਨ ਦੀ ਤਿਆਰੀ ਕਰ ਲਈ ਹੈ।
ਹੋਰ ਮਿਲੀ ਜਾਣਕਾਰੀ ਮੁਤਾਬਕ ਥਰੂਰ ਨੇ ਸੋਮਵਾਰ ਨੂੰ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਚੋਣ ਲੜਨ ਦੀ ਇਜਾਜ਼ਤ ਮੰਗੀ। ਹਾਲਾਂਕਿ ਸੋਨੀਆ ਨੇ ਉਨ੍ਹਾਂ ਨੂੰ ਸਾਫ ਸ਼ਬਦਾਂ ‘ਚ ਕਿਹਾ ਕਿ ਚੋਣ ਲੜਨਾ ਤੁਹਾਡਾ ਫੈਸਲਾ ਹੈ। ਯਾਨੀ ਇਹ ਤੁਹਾਡਾ ਕਾਲ ਹੈ, ਪਾਰਟੀ ਦੀ ਚੋਣ ਪ੍ਰਕਿਰਿਆ ਤੈਅ ਨਿਯਮਾਂ ਅਨੁਸਾਰ ਹੋਵੇਗੀ। ਇਸ ਵਿੱਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੈ।
ਇੱਥੇ ਦੱਸਣਾ ਜਰੂਰੀ ਇਹ ਹੋਵੇਗਾ ਕਿ ਜੇ ਗਹਿਲੋਤ ਅਤੇ ਥਰੂਰ ਚੋਣ ਲੜਦੇ ਹਨ ਤਾਂ ਇਹ 20 ਸਾਲਾਂ ਵਿੱਚ ਪਹਿਲੀ ਵਾਰ ਹੋਵੇਗਾ ਕਿ ਗਾਂਧੀ ਪਰਿਵਾਰ ਤੋਂ ਇਲਾਵਾ ਕੋਈ ਹੋਰ ਉਮੀਦਵਾਰ ਚੋਣ ਮੈਦਾਨ ਵਿੱਚ ਹੋਵੇਗਾ। ਇਸ ਤੋਂ ਪਹਿਲਾਂ ਨਰਸਿਮਹਾ ਰਾਓ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਸੀਤਾਰਾਮ ਕੇਸਰੀ ਨੇ ਪਾਰਟੀ ਪ੍ਰਧਾਨ ਦੀ ਚੋਣ ਜਿੱਤੀ ਸੀ।
ਕਾਂਗਰਸ ਪ੍ਰਧਾਨ ਦੀ ਚੋਣ ਅਜਿਹੇ ਸਮੇਂ ‘ਚ ਹੋ ਰਹੀ ਹੈ ਜਦੋਂ ਪਿਛਲੇ ਕੁਝ ਮਹੀਨਿਆਂ ‘ਚ ਕਪਿਲ ਸਿੱਬਲ, ਜੈਵੀਰ ਸ਼ੇਰਗਿੱਲ, ਸੁਨੀਲ ਜਾਖੜ, ਅਮਰਿੰਦਰ ਸਿੰਘ, ਆਰਪੀਐਨ ਸਿੰਘ, ਅਸ਼ਵਨੀ ਕੁਮਾਰ ਅਤੇ ਹਾਰਦਿਕ ਪਟੇਲ ਸਮੇਤ ਕਈ ਪ੍ਰਮੁੱਖ ਨੇਤਾਵਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਨ੍ਹਾਂ ਵਿਚ ਸਭ ਤੋਂ ਵੱਡਾ ਨਾਂ ਗ਼ੁਲਾਮ ਨਬੀ ਆਜ਼ਾਦ ਦਾ ਹੈ, ਜਿਨ੍ਹਾਂ ਨੇ ਪਾਰਟੀ ਛੱਡ ਕੇ ਕਾਂਗਰਸ ਵਿਚ ਗਾਂਧੀ ਪਰਿਵਾਰ ਦੇ ਇਕਹਿਰੇ ਰਾਜ ‘ਤੇ ਸਵਾਲ ਉਠਾਏ ਸਨ।
ਦੱਸ ਦਈਏ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 24 ਤੋਂ 30 ਸਤੰਬਰ ਤੱਕ ਜਾਰੀ ਰਹੇਗੀ। ਚੋਣ ਪ੍ਰਕਿਰਿਆ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 8 ਅਕਤੂਬਰ ਹੈ। 17 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ।