ਪੰਜਾਬ ਤੇ ਪੰਥਕ ਹਿੱਤਾਂ ਲਈ ਬਾਦਲਾਂ ਨੂੰ ਹਟਾਉਣਾ ਜ਼ਰੂਰੀ –ਰਵੀਇੰਦਰ ਸਿੰਘ
ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਹੀ ਲੋਕਾਂ ਦਾ ਵਿਸ਼ਵਾਸ਼ ਬਹਾਲ ਕਰੇਗੀ-ਰਵੀਇੰਦਰ ਸਿੰਘ
ਚੰਡੀਗੜ੍ਹ, 16 ਸਤੰਬਰ (ਵਿਸ਼ਵ ਵਾਰਤਾ) ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਤੇ ਪੰਥਕ ਹਿੱਤਾਂ ਲਈ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਪਾਸੇ ਕਰਨਾ ਜਰੂਰੀ ਹੈ। ਰਵੀਇੰਦਰ ਸਿੰਘ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਹੀ ਪੰਥ ਤੇ ਹਰ ਵਰਗ ਦਾ ਵਿਸ਼ਵਾਸ਼ ਜਿੱਤ ਸਕੇਗੀ । ਉਹਨਾਂ ਨੇ ਬੜੇ ਵਿਸ਼ਵਾਸ਼ ਨਾਲ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੇ ਲੋਕ-ਸਭਾ ਤੇ ਵਿਧਾਨ ਸਭਾ ਚੋਣਾਂ ‘ਚ ਵੰਸ਼ਵਾਦ ਦਾ ਭੋਗ ਪਾ ਦਿੱਤਾ। ਇਸ ਦਾ ਇੱਕੋ-ਇੱਕ ਕਾਰਨ ਹੈ ਕਿ ਪਰਿਵਾਰਵਾਦ ਲੋਕਤੰਤਰ ਲਈ ਖਤਰਾ ਹੈ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਹੈ ਜਿਸ ਦੀ ਕੌਮ ਮਾਲਕ ਹੈ। ਪਰ ਬਾਦਲ ਸਿੱਖ ਕੌਮ ਦੀ ਰੀਤ ਨੂੰ ਭੁੱਲ ਗਏ ਹਨ ਜੋ ਪਾਰਟੀ ਤੇ ਕਬਜ਼ਾ ਕਰੀ ਬੈਠੇ ਹਨ। ਮਹਾਨ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਵੀ ਇੰਨਾਂ ਜੱਫਾ ਮਾਰਿਆ ਹੈ। ਪਿਛਲੇ ਸਮੇਂ ਤੋਂ ਸਾਰੇ ਪ੍ਰਧਾਨ ਬਾਦਲਾਂ ਦੇ ਰਿਮੋਟ ਕੰਟਰੋਲ ਨਾਲ ਚਲ ਰਹੇ ਹਨ। ਤਖਤਾਂ ਦੇ ਜੱਥੇਵਾਰ ਵੀ ਬਾਦਲ ਪਰਵਾਰ ਨਾਲ ਸਹਿਮਤ ਹੋ ਕੇ ਚਲ ਰਹੇ ਹਨ।ਇਸ ਸਬੰਧੀ ਚਰਚਾ ਮੀਡੀਆ ਤੇ ਪੰਥਕ ਹਲਕਿਆਂ ਵਿਚ ਆਮ ਸੁਣੀ ਜਾ ਰਹੀ ਹੈ।ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਬਾਦਲਾਂ ਦੇ ਰਾਜ ਸਮੇਂ ਹੋਈਆਂ। ਸ਼ਾਂਤਮਈ ਤੇ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਤੇ ਪੁਲਸ ਨੇ ਗੋਲੀ ਚਲਾਈ ਜਿਸ ਵਿਚ ਦੋ ਸਿੱਖ ਸ਼ਹੀਦ ਹੋਏ ਪਰ ਬਾਦਲ ਸਰਕਾਰ ਨੇ ਨਿਆਂ ਨਾ ਕੀਤਾ ।ਬਾਦਲ ਹਕੂਮਤ ਸਮੇਂ ਹੀ ਸੌਦਾ ਸਾਧ ਨੂੰ ਪ੍ਰਫੁਲਤ ਕੀਤਾ ਗਿਆ ਜਿਸ ਨੂੰ ਪੰਥ ਚੋਂ ਛੇਕਿਆ ਗਿਆ ਸੀ ।ਉਸ ਨੇ ਸ਼ਰੇਆਮ ਦਸਮ ਪਿਤਾ ਦਾ ਸਵਾਂਗ ਰਚਿਆ ਸੀ।ਪਰ ਬਾਦਲਾਂ ਗਲਤ ਦਖਲਅੰਦਾਜੀ ਕਰਕੇ ਸੌਦਾ-ਸਾਧ ਨੂੰ ਬਚਾਇਆ ਤਾਂ ਜੋ ਉਸ ਦੇ ਪੈਰੋਕਾਰਾਂ ਦੀਆਂ ਵੋਟਾਂ ਲਈਆਂ ਜਾ ਸਕਣ ।ਪੰਜਾਬ ਦੇ ਮੱਸਲਿਆਂ ਦੀ ਗਲ ਕਰਦਿਆਂ ਸਾਬਕਾ ਸਪੀਕਰ ਨੇ ਸਪਸਟ ਕੀਤਾ ਕਿ ਇੰਨਾਂ ਦੀਆਂ ਗਲਤ ਨੀਤੀਆਂ ਕਾਰਨ ਦਰਪੇਸ਼ ਮਾਮਲੇ ਸੁਲਝਾਏ ਨਹੀ ਗਏ ।ਸ਼੍ਰੋਮਣੀ ਕਮੇਟੀ ਦੀ ਚੋਣ ਨਾ ਹੋਣ ਦੇਣ ਲਈ ਇਹ ਵੰਸ਼ਵਾਦੀ ਜ਼ੁੰਮੇਵਾਰ ਹਨ।ਉਨਾਂ ਪੰਥ ਨੂੰ ਅਪੀਲ ਕੀਤੀ ਕਿ ਬਾਦਲ ਪਾਸੇ ਕਰਕੇ ,ਨਵੀਂ ਲੀਡਰਸ਼ਿਪ ਲਈ ਇੱਕ ਮੰਚ ਤੇ ਇਕੱਠੇ ਹੋਇਆ ਜਾਵੇ ।






















