ਆਪ੍ਰੇਸ਼ਨ ਲੋਟਸ ਵਿਚਾਲੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਤਲਬ ਕੀਤੇ ਪੰਜਾਬ ਦੇ ਵਿਧਾਇਕ
ਚੰਡੀਗੜ੍ਹ,15 ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੂੰ ਪਾਰਟੀ ਛੱਡਣ ਬਦਲੇ ਕਰੋੜਾਂ ਰੁਪਏ ਦੇ ਆਫਰ ਦੇਣ ਦੇ ਮਾਮਲੇ ਵਿੱਚ ਆਪ ਆਗੂਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ 11 ਵਿਧਾਇਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਨ੍ਹਾਂ ਵਿੱਚ ਦਿਨੇਸ਼ ਚੱਢਾ, ਰਮਨ ਅਰੋੜਾ, ਕੁਲਵੰਤ ਪੰਡੋਰੀ ਅਤੇ ਨਰਿੰਦਰ ਕੌਰ ਭਾਰਜ ਦੇ ਨਾਮ ਵੀ ਸ਼ਾਮਿਲ ਹਨ। ਡੀਜੀ ਨੂੰ ਸੌਂਪੀ ਗਈ ਸ਼ਿਕਾਇਤ ਤੋਂ ਬਾਅਦ ਮਿਆਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਗਈ ਹੈ। ਇਸ ‘ਚ ਖਾਸ ਗੱਲ ਇਹ ਹੈ ਕਿ ‘ਆਪ’ ਨੇ ਭਾਜਪਾ ‘ਤੇ ਦੋਸ਼ ਲਗਾਏ ਸਨ ਪਰ ਮਾਮਲਾ ਅਣਪਛਾਤਿਆਂ ਖਿਲਾਫ ਦਰਜ ਕਰਿਆ ਗਿਆ ਹੈ। ਇਸ ਦੇ ਨਾਲ ਹੀ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਨੂੰ 18 ਸਤੰਬਰ ਨੂੰ ਦਿੱਲੀ ਤਲਬ ਕੀਤਾ ਹੈ। ਜਿਕਰਯੋਗ ਹੈ ਕਿ ਮੁੱਖ ਮੰਤਰੀM ਭਗਵੰਤ ਮਾਨ ਵੀ ਉਸੇ ਦਿਨ ਜਰਮਨੀ ਤੋਂ ਪਰਤਣਗੇ ।
ਐਫਆਈਆਰ ਦਰਜ ਹੁੰਦੇ ਹੀ ‘ਆਪ’ ਵਿਧਾਇਕਾਂ ਦੀ ਸ਼ਿਕਾਇਤ ਨਾਲ ਸਬੰਧਤ ਸਾਰੇ ਦਸਤਾਵੇਜ਼ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਸੌਂਪ ਦਿੱਤੇ ਗਏ ਹਨ। ‘ਆਪ’ ਨੇ ਡੀਜੀਪੀ ਨੂੰ ਕੁਝ ਕਾਲ ਰਿਕਾਰਡਿੰਗ ਵੀ ਸੌਂਪੀ ਹੈ।ਦੱਸ ਦਈਏ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਨੇ ‘ਆਪ’ ਦੇ 52 ਵਿਧਾਇਕਾਂ ਲਈ 1375 ਕਰੋੜ ਰੁਪਏ ਦਾ ਫੰਡ ਤੈਅ ਕੀਤਾ ਹੈ।