ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜ਼ਿਲਾ ਪੱਧਰੀ ਮੁਕਾਬਲੇ ਕੱਲ ਤੋਂ
ਵੱਖ-ਵੱਖ ਖੇਡਾਂ ਵਿੱਚ ਛੇ ਉਮਰ ਵਰਗਾਂ ਦੇ ਹੋਣਗੇ ਮੁਕਾਬਲੇ
5000 ਤੋਂ ਵੱਧ ਖਿਡਾਰੀ ਲੈਣਗੇ ਭਾਗ
ਕਪੂਰਥਲਾ , 12 ਸਤੰਬਰ (ਵਿਸ਼ਵ ਵਾਰਤਾ):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਮੁੜ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਸੂਬੇ ਵਿੱਚ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖਤ ਕਰਨ ਲਈ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਹੁਣ 22 ਖੇਡਾਂ ਦੇ ਜ਼ਿਲਾ ਪੱਧਰੀ ਮੁਕਾਬਲੇ ਕੱਲ 13 ਸਤੰਬਰ ਤੋਂ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲਾ ਪੱਧਰੀ ਮੁਕਾਬਲੇ 13 ਤੋਂ 21 ਸਤੰਬਰ ਤੱਕ ਕਰਵਾਏ ਜਾ ਰਹੇ ਹਨ । ਖੇਡਾਂ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ।
ਉਨਾਂ ਦੱਸਿਆ ਕਿ ਬਲਾਕ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ ਖੋ ਤੇ ਰੱਸ਼ਾਕਸੀ ਦੇ ਮੁਕਾਬਲੇ ਹੋਏ। ਹੁਣ ਇਨਾਂ ਖੇਡਾਂ ਦੇ ਜੇਤੂ ਖਿਡਾਰੀ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਤੋਂ ਇਲਾਵਾ ਜ਼ਿਲਾ ਪੱਧਰ ਉਤੇ ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਤੇ ਵੇਟਲਿਫਟਿੰਗ ਦੇ ਮੁਕਾਬਲੇ ਛੇ ਉਮਰ ਵਰਗਾਂ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਦੇ ਹੋਣਗੇ। ਪੈਰਾ ਖਿਡਾਰੀਆਂ ਦੇ ਵੀ ਮੁਕਾਬਲੇ ਹੋਣਗੇ। 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਤੇ ਅਥਲੈਟਿਕਸ। ਇਨ੍ਹਾਂ ਵਰਗਾਂ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
ਇਸ ਤੋਂ ਬਾਅਦ ਜ਼ਿਲਾ ਜੇਤੂਆਂ ਦੇ ਸੂਬਾ ਪੱਧਰੀ ਮੁਕਾਬਲੇ 10 ਤੋਂ 21 ਅਕਤੂਬਰ ਤੱਕ ਹੋਣਗੇ। ਸੂਬਾ ਪੱਧਰ ਉਤੇ ਜੇਤੂਆਂ ਨੂੰ ਕੁੱਲ 6 ਕਰੋੜ ਰੁਪਏ ਦੇ ਇਨਾਮ ਵੰਡੇ ਜਾਣਗੇ। ਪਹਿਲੇ ਸਥਾਨ ਉਤੇ ਆਉਣ ਵਾਲਿਆਂ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਤੇ ਸਰਟੀਫਿਕੇਟ, ਦੂਜੇ ਸਥਾਨ ਉਤੇ ਆਉਣ ਵਾਲਿਆਂ ਨੂੰ 7 ਹਜ਼ਾਰ ਰੁਪਏ ਤੇ ਸਰਟੀਫਿਕੇਟ ਅਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ 5 ਹਜ਼ਾਰ ਰੁਪਏ ਤੇ ਸਰਟੀਫਿਕੇਟ ਦਿੱਤੇ ਜਾਣਗੇ।
ਕਪੂਰਥਲਾ ਜਿਲੇ ਵਿੱਚ ਮੁਕਾਬਲੇ 13 ਤੋਂ 21 ਸਤੰਬਰ ਤੱਕ ਚੱਲਣਗੇ ਜਿਸਦੀ ਸ਼ੁਰੂਆਤ ਗੁਰੂ ਨਾਨਕ ਸਟੇਡੀਅਮ ਤੋਂ ਹੋਵੇਗੀ ।
ਅਥਲੈਟਿਕਸ,ਬਾਸਕਿਟਬਾਲ,ਖੋ-ਖੋ,ਕਬੱਡੀ,ਹਾਕੀ ਅਤੇ ਵਾਲੀਬਾਲ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿਖੇ 15 ਸਤੰਬਰ ਤੱਕ ਚਲਣਗੇ।
ਹੈਂਡਬਾਲ ਦੇ ਮੁਕਾਬਲੇ 13 ਸਤੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਖਾਲਸਾ ਅਕਾਦਮੀ ਲੱਖਣਕਲਾਂ ਵਿਖੇ ਅਤੇ ਕਿੱਕ ਬਾਕਸਿੰਗ ਦੇ ਮੁਕਾਬਲੇ 15 ਸਤੰਬਰ ਨੂੰ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਹੋਣਗੇ।
ਬੈਡਮਿੰਟਨ ਦੇ ਮੁਕਾਬਲੇ ਰਣਜੀਤ ਬੈਡਮਿੰਟਨ ਅਕਾਦਮੀ ਪਿੰਡ ਢੁਡੀਆਂਵਾਲ ਵਿਖੇ 13 ਤੋਂ 15 ਸਤੰਬਰ ਤੱਕ ਹੋਣਗੇ।
ਫੁੱਟਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ)ਫਗਵਾੜਾ ਵਿਖੇ 16 ਤੋਂ 18 ਸਤੰਬਰ ਤੱਕ ਹੋਣਗੇ। ਕੁਸ਼ਤੀ ਦੇ ਮੁਕਾਬਲੇ ਆਰ.ਪੀ.ਡੀ ਰੈਸਲਿੰਗ ਅਕਾਦਮੀ ਫਗਵਾੜਾ ਵਿਖੇ 16 ਸਤੰਬਰ ਨੂੰ ਹੋਣਗੇ,ਜਦਕਿ ਤੈਰਾਕੀ ਦੇ ਮੁਕਾਬਲੇ ਕੈਂਬ੍ਰਿੱਜ ਸਕੂਲ ਫਗਵਾੜਾ ਵਿਖੇ 16 ਤੇ 17 ਸਤੰਬਰ ਨੂੰ ਹੋਣਗੇ।
ਇਸੇ ਤਰ੍ਹਾਂ ਰੋਲਰ ਸਕੇਟਿੰਗ ਦੇ ਮੁਕਾਬਲੇ ਕੈਂਬ੍ਰਿਜ ਸਕੂਲ ਫਗਵਾੜਾ ਵਿਖੇ 16 ਸਤੰਬਰ ਅਤੇ ਪਾਵਰਲਿਫਟਿੰਗ ਦੇ ਮੁਕਾਬਲੇ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ 16 ਸਤੰਬਰ ਨੂੰ ਹੀ ਹੋਣਗੇ।
ਗਤਕੇ ਦੇ ਮੁਕਾਬਲੇ 19 ਸਤੰਬਰ ਨੂੰ ਸ੍ਰੀ ਗੁਰਸਰ ਸਾਹਿਬ ਸੈਫਲਾਬਾਦ ਵਿਖੇ ਅਤੇ ਬਾਕਸਿੰਗ ਦੇ ਮੁਕਾਬਲੇ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਫਗਵਾੜਾ ਵਿਖੇ 21 ਸਤੰਬਰ ਨੂੰ ਹੋਣਗੇ।






















