ਪਾਬੰਦੀਸ਼ੁਦਾ ਥਾਂ ‘ਤੇ 11 ਭਾਰੀ ਟਰੱਕ ਜ਼ਬਤ ਕੀਤੇ ਗਏ।
03 ਦੋਸ਼ੀਆਂ ਨੂੰ ਮੌਕੇ ‘ਤੇ ਕੀਤਾ ਗ੍ਰਿਫਤਾਰ।

ਪਠਾਨਕੋਟ, 04 ਸਤੰਬਰ( ਵਿਸ਼ਵ ਵਾਰਤਾ)-ਪਠਾਨਕੋਟ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ 03 ਦੋਸ਼ੀਆਂ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 11 ਟਰੱਕ ਪਾਬੰਦੀਸ਼ੁਦਾ ਥਾਂ ਤੋਂ ਜ਼ਬਤ ਕੀਤੇ ਹਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਨਮਾਣੇ ਕਾਹਨੂੰਵਾਨ, ਗੁਰਦਾਸਪੁਰ, ਪਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਠੋਲਾ, ਸ੍ਰੀ ਹਰਗੋਬਿੰਦਪੁਰ, ਬਟਾਲਾ ਅਤੇ ਮਲਕੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕੁਤਬੀ ਨੰਗਲ, ਸਿਵਲ ਲਾਈਨ ਬਟਾਲਾ ਵਜੋਂ ਹੋਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮਾਨਸੂਨ ਦੇ ਮੌਸਮ ਕਾਰਨ 1 ਜੁਲਾਈ ਤੋਂ 31 ਸਤੰਬਰ ਤੱਕ ਸਰਕਾਰ ਵੱਲੋਂ ਖੁਦਾਈ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾਈ ਗਈ ਹੈ ਅਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਦਿਨ-ਰਾਤ ਦੇ ਸਮੇਂ ਦੌਰਾਨ ਰੋਕਣ ਲਈ ਕਈ ਟੀਮਾਂ ਗਠਿਤ ਕਰਕੇ ਉਨ੍ਹਾਂ ਨੂੰ ਕੰਮ ਸੌਂਪਿਆ ਗਿਆ ਹੈ।
ਐਸਐਸਪੀ ਖੱਖ ਨੇ ਦੱਸਿਆ ਕਿ ਕੁਝ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰੇਤ ਅਤੇ ਬਜਰੀ ਨਾਲ ਭਰੇ ਟਰੱਕ ਮਾਈਨਿੰਗ ਨਾਕਿਆਂ ਤੋਂ ਬਚਣ ਲਈ ‘ਚੋਰ’ ਰੂਟ ਲੈ ਰਹੇ ਹਨ।
ਪਠਾਨਕੋਟ ਦੇ ਸ਼ਹਿਰ ਚੰਨੀ ਵਿਖੇ ਨਜਾਇਜ਼ ਮਾਈਨਿੰਗ ਹੋਣ ਦੀ ਗੁਪਤ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਡੀਐਸਪੀ ਧਾਰਕਲਾਂ, ਐਸਐਚਓ ਸੁਜਾਨਪੁਰ ਆਪਣੀ ਟੀਮ ਨਾਲ ਤੁਰੰਤ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ 11 ਭਾਰੀ ਟਰੱਕ ਵਰਜਿਤ ਥਾਂ ’ਤੇ ਲੱਦੇ ਹੋਏ ਦੇਖੇ। ਪੁਲਿਸ ਨੇ ਮੌਕੇ ‘ਤੇ 03 ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਹੈ ਅਤੇ 11 ਭਾਰੀ ਟਰੱਕ ਜ਼ਬਤ ਕਰ ਲਏ ਸਨ।
ਇਸ ਸਬੰਧੀ ਥਾਣਾ ਸੁਜਾਨਪੁਰ, ਪਠਾਨਕੋਟ ਵਿਖੇ ਮੁਲਜ਼ਮਾਂ ਖ਼ਿਲਾਫ਼ ਧਾਰਾ 4(1)(ਏ), 21(ਏ) ਮਾਈਨਿੰਗ ਐਕਟ ਤਹਿਤ ਮੁਕੱਦਮਾ ਨੰਬਰ 121 ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਲਈ ਜ਼ਿੰਮੇਵਾਰ ਅਸਲ ਦੋਸ਼ੀਆਂ ਨੂੰ ਫੜਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਟੀਮ ਦੀ ਸ਼ਲਾਘਾ ਕਰਦਿਆਂ ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਥਾਵਾਂ ਦੀ ਸ਼ਨਾਖਤ ਕੀਤੀ ਜਿੱਥੇ ਅਜਿਹੀ ਖੁਦਾਈ ਹੋ ਰਹੀ ਸੀ ਅਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਇਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ 14 ਐਫ.ਆਈ.ਆਰ ਦਰਜ ਕੀਤੀਆਂ ਹਨ। ਐਸ.ਐਸ.ਪੀ. ਨੇ ਕਿਹਾ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਜ਼ਿਲੇ ਵਿੱਚੋਂ ਇਸ ਖ਼ਤਰੇ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ।























