ਕਾਂਗਰਸ ਦੇ ਸਾਬਕਾ ਮੰਤਰੀ ਦੇ ਬੇਟੇ ਵੱਲੋਂ ਖੁਦਕੁਸ਼ੀ
ਚੰਡੀਗੜ੍ਹ,1 ਸਤੰਬਰ(ਵਿਸ਼ਵ ਵਾਰਤਾ)-ਕਾਂਗਰਸ ਦੇ ਸਾਬਕਾ ਮੰਤਰੀ ਰਮੇਸ਼ ਦੱਤ ਸ਼ਰਮਾ ਨਾਲ ਜੁੜੀ ਖਬਰ ਸਾਹਮਣੇ ਇਹ ਆਈ ਹੈ ਕਿ ਉਹਨਾਂ ਦੇ ਬੇਟੇ ਨਰਿੰਦਰ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਹੈ।ਜਾਣਕਾਰੀ ਅਨੁਸਾਰ ਨਰਿੰਦਰ ਸ਼ਰਮਾ ਆਪਣੇ ਪਰਿਵਾਰ ਨਾਲ ਸੈਕਟਰ-68 ’ਚ ਰਹਿ ਰਿਹਾ ਸੀ। ਹਾਲਾਂਕਿ ਖੁਦਕੁਸ਼ੀ ਦੇ ਪਿੱਛਲੇ ਅਸਲੀ ਕਾਰਨਾਂ ਦਾ ਅਜੇ ਪੱਕਾ ਪਤਾ ਨਹੀਂ ਚੱਲ ਸਕਿਆ ਹੈ ਪਰ ਜਾਣਕਾਰੀ ਅਨੁਸਾ ਉਹ ਕਾਰੋਬਾਰ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨਰਿੰਦਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫੇਜ਼-6 ਦੀ ਮੌਰਚਰੀ ’ਚ ਰਖਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਨਰਿੰਦਰ ਸ਼ਰਮਾ ਦੀ ਪਤਨੀ ਸਕੂਲ ਟੀਚਰ ਹੈ ਅਤੇ ਇੱਕ ਬੇਟੀ ਇੱਕ ਪੁੱਤਰ ਹੈ, ਜੋ ਕਿ 11ਵੀਂ ਜਮਾਤ ’ਚ ਪੜ੍ਹਦਾ ਹੈ। ਬੁੱਧਵਾਰ ਨੂੰ ਜਦੋਂ ਸਾਰੇ ਆਪਣੇ-ਆਪਣੇ ਕੰਮ ’ਤੇ ਚਲੇ ਗਏ ਤਾਂ ਨਰਿੰਦਰ ਨੇ ਨਾਸ਼ਤਾ ਕਰਨ ਤੋਂ ਬਾਅਦ ਪੱਖੇ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸਦੀ ਪਤਨੀ ਨੇ 12 ਵਜੇ ਫੋਨ ਕੀਤਾ ਪਰ ਉਸ ਵੱਲੋਂ ਫੋਨ ਨਾ ਚੁੱਕਣ ‘ਤੇ ਪਤਨੀ ਨੇ ਆਪਣੇ ਗੁਆਂਢੀਆਂ ਨੂੰ ਬੁਲਾ ਕੇ ਮਾਮਲੇ ਦਾ ਪਤਾ ਲਗਾਉਣ ਲਈ ਕਿਹਾ। ਗੁਆਂਢੀਆਂ ਨੇ ਖਿੜਕੀ ’ਚੋਂ ਦੇਖਿਆ ਤਾਂ ਅੰਦਰ ਪੱਖੇ ਨਾਲ ਨਰਿੰਦਰ ਦੀ ਲਾਸ਼ ਲਟਕ ਰਹੀ ਸੀ। ਉਸ ਨੂੰ ਉਤਾਰ ਕੇ ਤੁਰੰਤ ਫੋਰਟਿਸ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਮਾਮਲੇ ਦੀ ਜਾਂਚ ਜਾਰੀ ਹੈ।






















