ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਮ ‘ਤੇ ਪੰਜਾਬੀ ਫਿਲਮ ਪ੍ਰੋਡਿਊਸਰ ਨੂੰ ਧਮਕੀਆਂ; ਕਰੋੜਾਂ ਰੁਪਏ ਦੀ ਫਿਰੌਤੀ ਦੀ ਮੰਗ
ਚੰਡੀਗੜ੍ਹ,31 ਅਗਸਤ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਵੱਲੋਂ ਪੰਜਾਬੀ ਗਾਇਕਾਂ ਅਤੇ ਫਿਲਮ ਅਦਾਕਾਰਾਂ ਤੋਂ ਲਗਾਤਾਰ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਪੰਜਾਬੀ ਫਿਲਮ ਨਿਰਮਾਤਾ ਮੋਹਿਤ ਬਨਵੈਤ ਕੋਲੋਂ ਇਕ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਜਦੋਂ ਨਿਰਮਾਤਾ ਡਰਿਆ ਨਹੀਂ ਤਾਂ ਉਸ ਨੂੰ ਵਟਸਐਪ ‘ਤੇ ਉਸ ਦੇ ਘਰ ਅਤੇ ਸਾਰੀਆਂ ਗੱਡੀਆਂ ਦੇ ਨੰਬਰ ਭੇਜ ਦਿੱਤੇ ਗਏ। ਇਸ ਤੋਂ ਬਾਅਦ ਨਿਰਮਾਤਾ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਧਮਕੀ ਨੰਬਰ ਦੀ ਜਾਣਕਾਰੀ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਜਿਕਰ ਕਰਨਾ ਇਹ ਬਣਦਾ ਹੈ ਕਿ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਵੀ ਹੈ।
ਦੱਸ ਦਈਏ ਕਿ ਮੋਹਿਤ ਨੂੰ ਪਹਿਲਾਂ ਵਿਦੇਸ਼ੀ ਨੰਬਰ ਤੋਂ ਕਾਲ ਆਈ। ਜਿਸ ‘ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਇਕ ਕਰੋੜ ਰੁਪਏ ਦੇਣ ਲਈ ਕਿਹਾ ਗਿਆ। ਜਦੋਂ ਮੋਹਿਤ ਨੇ ਜ਼ਿਆਦਾ ਗੰਭੀਰਤਾ ਨਹੀਂ ਦਿਖਾਈ ਤਾਂ ਉਸ ਨੂੰ ਵਟਸਐਪ ‘ਤੇ ਉਸਦੇ ਘਰ ਅਤੇ ਸਾਰੀਆਂ ਗੱਡੀਆਂ ਦੀਆਂ ਫੋਟੋਆਂ ਭੇਜੀਆਂ ਗਈਆਂ। ਦੱਸ ਦਈਏ ਕਿ ਹਾਲ ਹੀ ‘ਚ ਆਈ ਪੰਜਾਬੀ ਫਿਲਮ ‘ਨਿੰਮ ਮੈਂ ਸਾਸ ਕੁਟਨੀ’ ਦੇ ਨਿਰਮਾਤਾ ਮੋਹਿਤ ਹੀ ਹਨ। ਪੰਜਾਬ ਮਹਿਲਾ ਕਮਿਸ਼ਨ ਨੇ ਇਸ ਫਿਲਮ ਦੇ ਟਾਈਟਲ ‘ਤੇ ਇਤਰਾਜ਼ ਜਤਾਇਆ ਸੀ। ਜਿਸ ਤੋਂ ਬਾਅਦ ਇਸ ਫਿਲਮ ਦੀ ਕਾਫੀ ਚਰਚਾ ਹੋਈ ਸੀ। ਹਾਲਾਂਕਿ ਬਾਅਦ ਵਿੱਚ ਇਸ ਨੂੰ ਮਹਿਲਾ ਕਮਿਸ਼ਨ ਤੋਂ ਕਲੀਨ ਚਿੱਟ ਮਿਲ ਗਈ ਸੀ।























