ਦਿਨ ਦਿਹਾੜੇ ਸ਼ਹਿਰ ਦੇ ਜਨਤਕ ਪਖਾਨੇ ‘ਚ ਮੰਦਬੁੱਧੀ ਲੜਕੀ ਨਾਲ ਗੈਂਗਰੇਪ
ਬੁਢਲਾਡਾ, 25ਅਗਸਤ (ਵਿਸ਼ਵ ਵਾਰਤਾ) ਸਥਾਨਕ ਸ਼ਹਿਰ ਅੰਦਰ ਦਿਨ ਦਿਹਾੜੇ ਜਨਤਕ ਪਖਾਨੇ (ਇਸਤਰੀ) ‘ਚ ਮੰਦ ਬੁੱਧੀ ਲੜਕੀ ਨਾਲ ਗੈਂਗਰੇਪ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੋਲ ਚੱਕਰ ਦੇ ਨਜਦੀਕ ਮਾਰਕਿਟ ਕਮੇਟੀ ਦੇ ਬਣੇ ਪਖਾਨਿਆਂ ਚ ਇੱਕ ਮੰਦਬੁੱਧੀ ਲੜਕੀ (31 ਸਾਲ) ਇਸਤਰੀ ਪਖਾਨੇ ‘ਚ ਗਈ ਤਾਂ ਮੰਦਬੁੱਧੀ ਲੜਕੀ ਦੀ ਲਾਚਾਰੀ ਦਾ ਫਾਇਦਾ ਉਠਾਉਂਦਿਆਂ ਕੁਝ ਨੌਜਵਾਨਾਂ ਨੇ ਇਸਤਰੀ ਪਖਾਨੇ ‘ਚ ਦਾਖਲ ਹੋ ਕੇ ਗੈਂਗਰੇਪ ਕਰ ਦਿੱਤਾ।

ਲੜਕੀ ਵੱਲੋਂ ਰੋਲਾ ਪਾਉਣ ਤੇ ਆਸ ਪਾਸ ਦੇ ਲੋਕਾਂ ਨੇ ਲੜਕੀ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਲੜਕੀ ਰੇਪ ਦਾ ਸ਼ਿਕਾਰ ਹੋ ਚੁੱਕੀ ਸੀ। ਮੌਕੇ ਤੇ ਲੋਕਾਂ ਨੇ ਪੁਲਿਸ ਗਸਤ ਪਾਰਟੀ ਨੂੰ ਸੂਚਿਤ ਕੀਤਾ ਜਿਸ ਤੇ ਪੁਲਿਸ ਨੇ ਦੋ ਨੌਜਵਾਨ ਸ਼ਿਕੰਦਰ (ਸ਼ਿਕਾਰੀ) ਪੁੱਤਰ ਬ੍ਰਿਜ ਲਾਲ ਅਤੇ ਰਵਿੰਦਰ (ਕਾਲਾ) ਪੁੱਤਰ ਕਮਲੇਸ਼ ਦੇ ਖਿਲਾਫ ਗੈਂਗਰੇਪ ਦੀ ਧਾਰਾ 376 ਡੀ ਤਹਿਤ ਮਾਮਲਾ ਦਰਜ ਕਰਕੇ ਲੜਕੀ ਨੂੰ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਲਈ ਭੇਜ ਦਿੱਤਾ ਗਿਆ ਹੈ। ਐਸ.ਐਚ.ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੌਕੇ ਤੇ ਲੋਕਾਂ ਮੁਤਾਬਿਕ ਗੈਂਗਰੇਪ ਦੌਰਾਨ 3—4 ਵਿਅਕਤੀਆਂ ਦੀ ਸਮੂਹਲੀਅਤ ਦੱਸੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਤੇ ਜਾਂਚ ਕਰ ਰਹੀ ਹੈ।






















