
– ਬਾਰਿਸ਼ ਨੇ ਕਣਕ ਦੀ ਫਸਲ ਨੂੰ ਖੇਤਾਂ ‘ਚ ਵਿਛਾਇਆ
– ਖਰੀਦ ਕੇਂਦਰਾਂ ਵਿਚ ਭਰਿਆ ਪਾਣੀ
– ਅੰਨਦਾਤਾ ਭਾਰੀ ਚਿੰਤਾ ਵਿਚ
ਚੰਡੀਗੜ੍ਹ/ਮਾਨਸਾ, 11 ਅਪ੍ਰੈਲ (ਵਿਸ਼ਵ ਵਾਰਤਾ) – ਕਣਕ ਦੀ ਵਾਢੀ ਦੌਰਾਨ ਪੰਜਾਬ ਵਿਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ| ਇਸ ਬਾਰਿਸ਼ ਨਾਲ ਬੇਸ਼ੱਕ ਤਾਪਮਾਨ ਗਿਰਾਵਟ ਜ਼ਰੂਰ ਆਈ ਹੈ, ਪਰ ਇਹ ਬਾਰਿਸ਼ ਕਿਸਾਨਾਂ ਲਈ ਕਹਿਰ ਵੀ ਸਾਬਿਤ ਹੋਈ ਹੈ| ਪੰਜਾਬ ਵਿਚ ਕੱਲ੍ਹ ਰਾਤ ਤੋਂ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਨੇ ਕਣਕ ਦੀ ਵਾਢੀ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਸਮੇਤ ਕਈ ਇਲਾਕਿਆਂ ਵਿਚ ਬਾਰਿਸ਼ ਨੇ ਕਣਕ ਨੂੰ ਖੇਤਾਂ ਵਿਚ ਹੀ ਵਿਛਾ ਦਿੱਤਾ ਹੈ, ਜਿਸ ਕਾਰਨ ਝਾੜ ਘਟਣ ਦਾ ਖਦਸ਼ਾ ਹੈ| ਇਸ ਤੋਂ ਇਲਾਵਾ ਮੰਡੀਆਂ ਵਿਚ ਪਹੁੰਚੀ ਅਗੇਤੀ ਕਣਕ ਵੀ ਭਿੱਜ ਗਈ ਹੈ ਅਤੇ ਸਿੱਲ ਕਾਰਨ ਹੁਣ ਇਸ ਕਣਕ ਦੀ ਖਰੀਦ ਕਈ ਦਿਨਾਂ ਤੱਕ ਨਹੀਂ ਹੋ ਸਕੇਗੀ|
ਅੱਜ ਸਾਰਾ ਦਿਨ ਰੁਕ-ਰੁਕ ਕੇ ਹੋਈ ਬਾਰਿਸ਼ ਕਾਰਨ ਖਰੀਦ ਕੇਂਦਰਾਂ ਵਿਚ ਪਾਣੀ ਦਾਖਲ ਹੋ ਗਿਆ, ਜਿਸ ਨੇ ਅੰਨਦਾਤੇ ਦੀਆਂ ਮੁਸ਼ਕਿਲਾਂ ਨੂੰ ਹੋਰ ਵੀ ਵਧਾ ਦਿੱਤਾ| ਇਹੀ ਨਹੀਂ ਤਾਜ਼ਾ ਬੀਜੀਆਂ ਗਈਆਂ ਸਬਜ਼ੀਆਂ ਉਤੇ ਵੀ ਇਸ ਬਾਰਿਸ਼ ਦਾ ਮਾੜਾ ਅਸਰ ਪਿਆ ਹੈ|
ਮਲੇਰਕੋਟਲਾ ਵਿਚ ਭਾਰੀ ਗੜੇਮਾਰੀ
ਇਸ ਦੌਰਾਨ ਅੱਜ ਮਲੇਰਕੋਟਲਾ ਵਿਖੇ ਭਾਰੀ ਗੜੇਮਾਰੀ ਹੋਈ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੜੇਮਾਰੀ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਾ|



















