-ਫ਼ਤਿਹਗੜ੍ਹ ਸਾਹਿਬ, ਮੋਹਾਲੀ, ਰੋਪੜ ਅਤੇ ਹੁਸ਼ਿਆਰਪੁਰ ਦੇ ਵਲੰਟੀਅਰ ਨਾਲ ਹੋਏ ਰੂਬਰੂ
ਚੰਡੀਗੜ੍ਹ, 10 ਅਪ੍ਰੈਲ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਸਹਿ-ਪ੍ਰਧਾਨ ਡਾ.ਬਲਵੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਖ਼ਾਲਸੇ ਦੇ ਜਨਮ ਦਿਹਾੜੇ ਅਤੇ ਵਿਸਾਖੀ ਦੇ ਪਵਿੱਤਰ ਅਵਸਰ ਉੱਤੇ ਆਮ ਆਦਮੀ ਪਾਰਟੀ ‘ਸੇਵਾ ਦਾ ਸੰਕਲਪ’ ਨਿਭਾਵੇਗੀ। ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਅ ਪ੍ਰਾਪਤ ਪਵਿੱਤਰ ਸਰਜਮੀਂ ‘ਤੇ ਨਤਮਸਤਕ ਹੋ ਕੇ ਪੰਜਾਬ ਅਤੇ ਦੁਨੀਆ ਭਰ ‘ਚ ਵੱਸਦੇ ਪੰਜਾਬੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੇਗੀ। ਅਣਗਿਣਤ ਸੰਕਟਾਂ ‘ਚ ਘਿਰੇ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਅਤੇ ਮਾਫ਼ੀਆ ਰਾਜ ਤੋਂ ਛੁਟਕਾਰਾ ਦਿਵਾਉਣ ਲਈ ਬਤੌਰ ਮੁੱਖ ਵਿਰੋਧੀ ਧਿਰ ਆਪਣੀ ਜ਼ਿੰਮੇਵਾਰੀ ਹੋਰ ਜ਼ਿਆਦਾ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਲਵੇਗੀ।
ਡਾ.ਬਲਵੀਰ ਸਿੰਘ ਨੇ ਵਲੰਟੀਅਰ ਰੂਬਰੂ ਪ੍ਰੋਗਰਾਮ ਤਹਿਤ ਅੱਜ ਫ਼ਤਿਹਗੜ੍ਹ ਸਾਹਿਬ, ਐਸਏਐਸ ਨਗਰ (ਮੋਹਾਲੀ) ਰੋਪੜ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ‘ਚ ਵਲੰਟੀਅਰਾਂ ਅਤੇ ਸਥਾਨਕ ਆਗੂਆਂ ਨਾਲ ਬੈਠਕਾਂ ਕੀਤੀਆਂ ਅਤੇ ਪਾਰਟੀ ਦੀਆਂ ਆਗਾਮੀ ਗਤੀਵਿਧੀਆਂ ਬਾਰੇ ਦੱਸਣ ਦੇ ਨਾਲ-ਨਾਲ ਸ਼ਿਕਾਇਤਾਂ-ਸਮੱਸਿਆਵਾਂ ਵੀ ਸੁਣੀਆਂ।
ਡਾ.ਬਲਵੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਬਾਦਲ ਵਰਗੀਆਂ ਰਿਵਾਇਤੀ ਪਾਰਟੀਆਂ ਵਾਂਗ ਕੇਵਲ ਵੋਟਾਂ ਲਈ ਰਾਜਨੀਤੀ ਕਰਨ ਲਈ ਨਹੀਂ ਸਗੋਂ ਸੂਬੇ ਅਤੇ ਦੇਸ਼ ਲੋਕਾਂ ਦੀ ਬਿਹਤਰੀ ਲਈ ਹੋਂਦ ‘ਚ ਆਈ ਹੈ।
ਡਾ.ਬਲਵੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ 13 ਅਪ੍ਰੈਲ ਨੂੰ ਸੇਵਾ ਦੇ ਸੰਕਲਪ ਨੂੰ ਨਿਭਾਉਂਦੇ ਹੋਏ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਮੈਡੀਕਲ ਕੈਂਪ, ਛਬੀਲਾਂ ਦੀ ਸੇਵਾ ਜੋੜਾ ਘਰਾਂ ਦੀ ਸੇਵਾ ਅਤੇ ਸਾਫ਼ ਸਫ਼ਾਈ ਦੀ ਸੇਵਾ ਕਰ ਕੇ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮਨਾਵੇਗੀ।
ਡਾ.ਬਲਵੀਰ ਸਿੰਘ ਨੇ ਦੱਸਿਆ ਕਿ ਸੰਗਤਾਂ ਦੀ ਸ਼ਰਧਾ ਅਤੇ ਆਸਥਾ ‘ਤੇ ਫ਼ੁਲ ਚੜ੍ਹਾਉਂਦੇ ਹੋਏ ‘ਆਪ’ ਨੇ ਸ਼ਹੀਦੀ ਜੋੜ ਮੇਲ ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਮੌਕੇ ਫ਼ੈਸਲਾ ਲਿਆ ਸੀ ਕਿ ਪਾਰਟੀ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਵਿਸ਼ੇਸ਼ ਦਿਹਾੜਿਆਂ ਮੌਕੇ ਧਾਰਮਿਕ ਸਥਾਨਾਂ ‘ਤੇ ਸਿਆਸੀ ਮੰਚਾਂ ‘ਤੇ ਇੱਕ ਦੂਜੇ ਵਿਰੁੱਧ ਹੁੰਦੀ ਦੂਸ਼ਣਬਾਜ਼ੀ ਆਮ ਸੰਗਤ ਅਤੇ ਸ਼ਰਧਾਲੂਆਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਂਦੀ ਹੈ।
ਇਸ ਮੌਕੇ ਡਾ.ਬਲਵੀਰ ਸਿੰਘ ਨਾਲ ਫ਼ਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਲਖਬੀਰ ਸਿੰਘ ਰਾਏ, ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ, ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਮੋਹਾਲੀ (ਦੇਹਾਤੀ) ਦੇ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ, ਹੁਸ਼ਿਆਰਪੁਰ ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਸੂਦ, ਡਾ. ਰਵਜੋਤ ਸਿੰਘ ਸ਼ਾਮਚੁਰਾਸੀ, ਬਲਵੀਰ ਕੌਰ ਫੁੱਲ ਦਸੂਹਾ,ਜਸਵੀਰ ਸਿੰਘ, ਸੰਤੋਸ਼ ਕੁਮਾਰੀ, ਸੀਨੀਅਰ ਉਪ ਪ੍ਰਧਾਨ ਕੁਲਭੂਸ਼ਣ, ਉਪ ਪ੍ਰਧਾਨ ਜੀਐਸ ਮੁਲਤਾਨੀ ਅਤੇ ਹੋਰ ਮੌਜੂਦ ਸਨ।