
ਪੜ੍ਹੋ ਪੰਜਾਬ ਦੀ ਟੀਮ ਵੱਲੋਂ ਭਲਕੇ ਅਸਤੀਫਿਆਂ ਦੀ ਹੋਵੇਗੀ ਸ਼ੁਰੂਆਤ
ਮਾਨਸਾ, 9 ਅਪਰੈਲ (ਵਿਸ਼ਵ ਵਾਰਤਾ)- ਮਾਨਸਾ ਜ਼ਿਲ੍ਹੇ ਦੀਆਂ ਵੱਖ—ਵੱਖ ਅਧਿਆਪਕ ਜਥੇਬੰਦੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਚੱਲ ਰਹੇ ‘ਪੜ੍ਹੋ ਪੰਜਾਬ’ ਪ੍ਰੋਜੈਕਟ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ ਹੈ। ਪ੍ਰਾਇਮਰੀ ਕੇਡਰ ਨਾਲ ਸੰਬੰਧਤ ਸ਼ਾਮਲ ਆਗੂਆਂ ਨੇ ਇਕਜੁਟਤਾ ਨਾਲ ਫੈਸਲਾ ਕੀਤਾ ਕਿ ਭਲਕੇ ਕਿਸੇ ਵੀ ਸਕੂਲ ਵਿੱਚ ਪੜ੍ਹੋ ਪੰਜਾਬ ਦੀ ਵਿਜਟ ਨਹੀਂ ਪੈਣ ਦਿੱਤੀ ਜਾਵੇਗੀ। ਇਸੇ ਦੌਰਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਪੜ੍ਹੋ ਪੰੰਜਾਬ ਦੇ ਕੋਆਰਡੀਨੇਟਰ ਸ਼ਸ਼ੀ ਕੁਮਾਰ ਭੂਸ਼ਣ, ਸੀ.ਐਮ.ਟੀ. ਕੁਲਦੀਪ ਸਿੰਘ ਅੱਕਾਂਵਾਲੀ ਅਤੇ ਹਰਪ੍ਰੀਤ ਸਿੰਘ ਖਿਆਲੀ ਚਹਿਲਾਂਵਾਲੀ ਨੇ ਕੱਲ੍ਹ ਨੂੰ ਬਲਾਕ ਸਿੱਖਿਆ ਅਫ਼ਸਰ ਨੂੰ ਆਪਣੇ ਅਸਤੀਫੇ ਸੌਂਪਕੇ ਪਿੱਤਰੀ ਸਕੂਲਾਂ ਵਿੱਚ ਜਾਣ ਦਾ ਫੈਸਲਾ ਲਿਆ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ—ਵੱਖ ਜਥੇਬੰਦੀਆਂ ਦੇ ਆਗੂਆਂ ਕਰਮਜੀਤ ਸਿੰਘ ਤਾਮਕੋਟ, ਹਰਦੀਪ ਸਿੰਘ ਸਿੱਧੂ, ਖੁਸ਼ਵਿੰਦਰ ਸਿੰਘ ਬਰਾੜ, ਮਨਮੋਹਨ ਸਿੰਘ ਜੋਗਾ, ਹੰਸਾ ਸਿੰਘ ਡੇਲੂਆਣਾ, ਗੁਰਪ੍ਰ਼ੀਤ ਸਿੰਘ ਦਲੇਲ ਵਾਲਾ, ਇੰਦਰਜੀਤ ਸਿੰਘ ਡੇਲੂਆਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਪ੍ਰੋਵਾਈਡਰ, ਐਸ.ਟੀ.ਆਰ., ਏ.ਆਈ.ਈ., ਆਈ.ਈ.ਵੀ. ਵਲੰਟੀਆਰ ਅਧਿਆਪਕਾਂ ਨੂੰ ਪੂਰੇ ਗਰੇਡ ਵਿੱਚ ਰੈਗੂਲਰ ਕੀਤਾ ਜਾਵੇ, ਐਸ.ਐਸ.ਏ., ਰਮਸਾ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਵਿੱਚ ਰੈਗੂਲਰ ਕੀਤਾ ਜਾਵੇ, ਸੱਤ ਸਾਲ ਦੀ ਸਟੇਅ ਵਾਲੀ ਬਦਲੀ ਨੀਤੀ ਵਾਪਸ ਲਈ ਜਾਵੇ, ਬਦਲੀ ਲਈ ਤਿੰਨ ਸਾਲ ਦੀ ਲਾਈ ਸ਼ਰਤ ਵਾਪਸ ਲਈ ਜਾਵੇ, ਪ੍ਰਾਇਮਰੀ ਸਕੂਲਾਂ ਵਿੱਚ ਸਫਾਈ ਲਈ ਸਵੀਪਰਾਂ ਦੀ ਨਿਯੁਕਤੀ ਕੀਤੀ ਜਾਵੇ, ਬੱਚਿਆਂ ਦੇ ਬੈਠਣ ਲਈ ਫਰਨੀਚਰ ਦਾ ਪ੍ਰਬੰਧ ਕੀਤਾ ਜਾਵੇ, ਬੰਦ ਹੋਈਆਂ ਰਿਪੇਅਰ ਗ੍ਰਾਂਟ ਅਤੇ ਸਕੂਲ ਗ੍ਰਾਂਟ ਜਾਰੀ ਕੀਤੀਆਂ ਜਾਣ ਅਤੇ ਸਿੱਖਿਆ ਵਿਭਾਗ ਵਿਚ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋਂ ਪੜ੍ਹੋ ਪੰਜਾਬ ਪ੍ਰੋਜੈਕਟ ਲਈ ਬਾਹਰ ਕੱਢੇ ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਾਪਸ ਭੇਜਣ ਦੀ ਮੰਗ ਕੀਤੀ ਗਈ।
ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਪੜ੍ਹਾਈ ਦੇ ਮਿਆਰ ਨੂੰ ਕਾਇਮ ਰੱਖਦਿਆਂ ਬੱਚਿਆਂ ਨੂੰ ਸਿਲੇਬਸ ਅਨੁਸਾਰ ਪੜ੍ਹਾਇਆ ਜਾਵੇ ਅਤੇ ਇਸਦੀ ਜੁੰਮੇਵਾਰੀ ਬਲਾਕ ਅਤੇ ਜਿਲ੍ਹਾ ਅਧਿਕਾਰੀਆਂ ਨੂੰ ਸੌਂਪੀ ਜਾਵੇ। ਉਨ੍ਹਾਂ ਹੈਰਾਨੀ ਜਾਹਿਰ ਕੀਤੀ ਕਿ ਇਸ ਪ੍ਰੋਜੈਕਟ ਵਿੱਚ ਜਦੋਂ ਤੋਂ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਵੱਜੋਂ ਆਏ ਹਨ, ਉਨ੍ਹਾਂ ਵੱਲੋਂ ਕਿਸੇ ਅਧਿਕਾਰੀ ਅਤੇ ਅਧਿਆਪਕਾਂ ਦੀ ਕੋਈ ਪੁੱਛ—ਪੜਤਾਲ ਨਹੀਂ ਕੀਤੀ ਜਾ ਰਹੀ, ਸਗੋਂ ਉਨ੍ਹਾਂ ਦੇ ਪੱਲੇ ਨਿੱਤ ਦਿਨ ਚੰਡੀਗੜ੍ਹ ਵਿਖੇ ਬੁਲਾਕੇ ਝਾੜਾ ਪਾਈਆਂ ਜਾਂਦੀਆਂ ਹਨ।
ਇਸ ਮੌਕੇ ਅਮਰਜੀਤ ਸਿੰਘ ਭੁੱਲਰ, ਰਵਿੰਦਰ ਸਿੰਘ ਝੁਨੀਰ, ਇੰਦਰਜੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਭੰਮੇ ਕਲਾਂ, ਗੁਰਵਿੰਦਰ ਸਿੰਘ ਬਹਿਣੀਵਾਲ, ਸੱਤਪਾਲ ਸਿੰਘ ਮੀਆਂ, ਗੁਰਜੀਤ ਸਿੰਘ ਰਾਏਪੁਰ, ਸੁਖਵਿੰਦਰ ਸਿੰਘ ਅੱਕਾਂਵਾਲੀ, ਧਰਮਿੰਦਰ ਸਿੰਘ ਹੀਰੇਵਾਲਾ, ਗੁਰਦੀਪ ਸਿੰਘ ਬਰਨਾਲਾ, ਮੇਜਰ ਸਿੰਘ ਦਲੇਲ ਵਾਲਾ, ਬਲਜਿੰਦਰ ਸਿੰਘ ਅੱਕਾਂਵਾਲੀ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਵੱਖ—ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂ, ਮਾਨਸਾ ਜ਼ਿਲ੍ਹੇ ਵਿਚ ਪੜ੍ਹੋ ਪੰਜਾਬ ਦਾ ਮੁਕੰਮਲ ਬਾਈਕਾਟ ਕਰਨ ਸੰਬੰਧੀ ਐਲਾਨ ਕਰਦੇ ਹੋਏ। ਫੋਟੋ: ਮਾਨ



















