ਮਾਨਸਾ ਦੇ ਗੱਭਰੂ ਦੀ ਭਾਰਤੀ ਵਾਲੀਵਾਲ ਟੀਮ ਵਿਚ ਚੋਣ
ਚੰਡੀਗੜ੍ਹ,6 ਅਗਸਤ (ਵਿਸ਼ਵ ਵਾਰਤਾ)-ਮਾਨਸਾ ਸ਼ਹਿਰ ਦਾ ਜੰਮਪਲ ਜੋਸ਼ਨੂਰ ਢੀਂਡਸਾ ਭਾਰਤ ਦੀ ਸੀਨੀਅਰ ਵਾਲੀਵਾਲ ਟੀਮ ਵਿੱਚ ਚੁਣਿਆ ਗਿਆ ਹੈ ਅਤੇ ਉਹ 7 ਅਗਸਤ ਤੋਂ 14 ਅਗਸਤ ਤੱਕ ਹੋਣ ਵਾਲੇ ਏਸ਼ੀਆ ਕੱਪ ਵਿੱਚ ਖੇਡਣ ਲਈ ਥਾਈਲੈਂਡ ਰਵਾਨਾ ਹੋ ਗਿਆ ਹੈ। ਇਹ ਉਪਲਬਧੀ ਸਿਰਫ਼ ਜਿਲ੍ਹੇ ਲਈ ਹੀ ਨਹੀਂ, ਸਗੋਂ ਸਾਰੇ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ, ਕਿਉਂਕਿ ਪੂਰੀ ਟੀਮ ਵਿੱਚ ਪੰਜਾਬ ਦਾ ਇਹ ਇੱਕਲੌਤਾ ਖਿਡਾਰੀ ਹੈ।
ਖਾਸ ਜ਼ਿਕਰਯੋਗ ਗੱਲ ਇਹ ਹੈ ਕਿ ਇਹ ਖਿਡਾਰੀ ਪਿਛਲੇ ਤਿੰਨ ਮਹੀਨੇ ਤੋਂ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਟੀਮ ਦੇ ਕੈਂਪ ਵਿੱਚ ਟਰੇਨਿੰਗ ਕਰ ਰਿਹਾ ਸੀ। ਪਰ ਸੀਨੀਅਰ ਟੀਮ ਦੇ ਕੋਚ ਸ੍ਰੀ ਜੀ. ਈ. ਸਰੀਧਰਨ (ਅਰਜੁਨਾ ਅਤੇ ਦਰੌਣਚਾਰਿਆ ਐਵਾਰਡੀ ) ਦੀ ਪਾਰਖੂ ਅੱਖ ਨੇ ਇਸ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਸੀਨੀਅਰ ਵਾਲੀਵਾਲ ਟੀਮ ਲਈ ਚੁਣਿਆ।
ਪੌਲੌ ਗਰਾਊਂਡ ਪਟਿਆਲਾ ਦੇ ਵਾਲੀਵਾਲ ਕੋਚ ਸ੍ਰੀ ਚਮਨ ਸਿਘ ਰਾਊ ਦੇ ਇਸ ਲਾਡਲੇ ਸ਼ਗਿਰਦ ਨੂੰ ਇਸ ਮੁਕਾਮ ਤੇ ਪਹੁੰਚਣ ਲਈ ਮਾਨਸਾ ਦੇ ਲੋਕਾਂ ਵਲੋਂ ਉਹਨਾਂ ਦੇ ਘਰ ਪਹੁੰਚ ਕੇ ਅਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।























