ਕੰਪਿਊਟਰ ਅਧਿਆਪਕਾਂ ਵੱਲੋਂ 15 ਅਗਸਤ ਨੂੰ ਗੁਪਤ ਐਕਸ਼ਨ ਕਰਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਚੰਡੀਗੜ੍ਹ, 4 ਅਗਸਤ, 2022: ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਗੁਪਤ ਐਕਸ਼ਨ ਕਰਦੇ ਹੋਏ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਕੰਪਿਊਟਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਪਰਮਵੀਰ ਸਿੰਘ ਪਟਿਆਲਾ ਅਤੇ ਰਵੀਇੰਦਰ ਮੰਡੇਰ ਨੇ ਕਿਹਾ ਕਿ ਕੰਪਿਊਟਰ ਅਧਿਆਪਕ 2005 ਤੋਂ ਲਗਾਤਾਰ ਸਰਕਾਰਾਂ ਦਾ ਸੰਤਾਪ ਹੰਢਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਕੰਪਿਊੇਟਰ ਅਧਿਆਪਕਾਂ ਨੂੰ ਬਹੁਤ ਆਸਾਂ ਸਨ, ਇਸ ਕਰਕੇ ਆਪਣਾ ਫਰਜ਼ ਸਮਝਦੇ ਹੋਏ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਬਦਲਾਅ ਲਿਆਂਦਾ ਸੀ ਪਰ ਬਹੁਤ ਦੁੱਖ ਹੋ ਰਿਹਾ ਹੈ ਕਿ ਜਦੋਂ ਮੌਜ਼ੂਦਾ ਸਰਕਾਰ ਵੀ ਪਿਛਲੀਆ ਸਰਕਾਰਾਂ ਵਾਗ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਦਾ ਘਾਣ ਕਰ ਰਹੀਆਂ ਹਨ। ਸਾਂਝੇ ਰੂਪ ਵਿੱਚ ਇਹਨਾ ਸ਼ਬਦਾ ਦਾ ਪ੍ਰਗਟਾਵਾ ਕੀਤਾ। ਉਹਨਾਂ ਅੱਗੇ ਕਿਹਾ ਕਿ ਸਰਕਾਰ ਦੇ ਲਾਰਿਆ ਤੋਂ ਤੰਗ ਆ ਕੇ ਕੰਪਿਊਟਰ ਅਧਿਆਪਕ ਦੇਸ਼ ਦੇ ਅਜ਼ਾਦੀ ਦਿਵਸ ਵਾਲੇ ਦਿਨ ਆਪਣਾ ਪ੍ਰਦਰਸ਼ਨ ਕਰਨਗੇ। ਉਹਨਾਂ ਕਿਹਾ ਕਿ ਇਸ ਦਿਨ ਉਹ ਗੁਪਤ ਐਕਸ਼ਨ ਰਾਹੀ ਮੰਤਰੀਆਂ ਨੂੰ ਘੇਰਨਗੇ।
ਜੋਨੀ ਸਿੰਗਲਾ ਅਤੇ ਅਵਤਾਰ ਸਿੰਘ ਲੁਧਿਆਣਾ ਨੇ ਦੱਸਿਆ ਕਿ ਕੰਪਿਊਟਰ ਅਧਿਆਪਕ ਨੂੰ 2011 ‘ਚ ਰੈਗੂਲਰ ਤਾਂ ਮਾਣਯੋਗ ਰਾਜਪਾਲ ਜੀ ਦੇ ਦਿਸ਼ਾ-ਨਿਰਦੇਸ਼ਾ ਹੇਠ ਕੀਤਾ ਗਿਆ ਪਰ ਸਰਕਾਰਾਂ ਨੇ ਉਹਨਾਂ ਨੂੰ ਇੰਨ-ਬਿੰਨ ਲਾਗੂ ਨਹੀ ਕੀਤਾ। ਉਹਨਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਤੇ 5ਵਾਂ ਪੇਅ ਕਮਿਸ਼ਨ ਲਾਗੂ ਕੀਤਾ ਪਰ 6ਵੇਂ ਪੇ-ਕਮਿਸ਼ਨ ਤੋ ਆਨਾਕਾਨੀ ਕਰਨਾ ਸਰਕਾਰ ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਕਿ ਮਾਣਯੋਗ ਰਾਜਪਾਲ ਜੀ ਦੁਆਰਾ ਜਾਰੀ ਕੀਤੇ ਪੱਤਰਾਂ ਨੂੰ ਦਰ-ਕਿਨਾਰੇ ਕਰ ਸਕਦੀ ਹੈ।
ਉਹਨਾਂ ਅੱਗੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ, ਉਹਨਾਂ ਤੇ 6ਵਾਂ ਪੇ-ਕਮਿਸ਼ਨ ਲਾਗੂ ਕੀਤਾ ਜਾਵੇ ਅਤੇ 2710 ਕੰਪਿਊਟਰ ਅਧਿਆਪਕਾਂ ਤੇ ਈ.ਪੀ.ਐੱਫ/ਸੀ.ਪੀ.ਐੱਫ/ਜੀ.ਪੀ.ਐੱਫ ਸਕੀਮ ਲਾਗੂ ਕੀਤੀ ਜਾਵੇ।
ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀਆ ਮੰਗਾਂ ਨਹੀ ਮੰਨਦੀ ਤਾਂ 15 ਅਗਸਤ ਨੂੰ ਗੁਪਤ ਐਕਸ਼ਨ ਦੌਰਾਨ ਹੋਣ ਵਾਲੇ ਨੁਕਸਾਨ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।