ਰੰਗੀਆਂ ‘ਚ ਦਸ ਰੋਜ਼ਾ ਮੁਫ਼ਤ ਗੱਤਕਾ ਸਿਖਲਾਈ ਕੈਂਪ ਦੀ ਸ਼ੁਰੂਆਤ
ਬੱਚੀਆਂ ਸਵੈ-ਰੱਖਿਆ ਲਈ ਗੱਤਕਾ ਖੇਡ ਨੂੰ ਆਪਨਾਉਣ : ਬੀਬੀ ਮਨਜੀਤ ਕੌਰ ਜਿਲ੍ਹਾ ਪ੍ਰਧਾਨ
ਮੋਰਿੰਡਾ/ਰੂਪਨਗਰ, 2 ਅਗਸਤ (ਵਿਸ਼ਵ ਵਾਰਤਾ) ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵੱਲੋਂ ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਨੇੜਲੇ ਪਿੰਡ ਰੰਗੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋਇਆ ਮੁਫ਼ਤ ਗੱਤਕਾ ਸਿਖਲਾਈ ਕੈਂਪ 10 ਅਗਸਤ ਤੱਕ ਲੱਗੇਗਾ ਜਿਸ ਵਿੱਚ ਨੇੜੇ ਦੇ ਪਿੰਡਾਂ ਦੇ ਬੱਚੇ ਵੀ ਗੱਤਕੇ ਸਿੱਖ ਸਕਦੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਕੋਆਰਡੀਨੇਟਰ ਬੀਬੀ ਜਸਵਿੰਦਰ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਸਿਖਲਾਈ ਕੈਂਪ ਵਿਚ ਦੋ ਦਰਜਨ ਤੋਂ ਵੱਧ ਬੱਚੇ ਬੱਚੀਆਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਨੂੰ ਗੱਤਕੇ ਦੀ ਸਿਖਲਾਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਕੋਚ ਵੱਲੋਂ ਦਿੱਤੀ ਜਾਵੇਗੀ।
ਇਸ ਮੌਕੇ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਇਸ ਤੋਂ ਪਹਿਲਾਂ ਵੀ ਗੱਤਕਾ ਸਿਖਲਾਈ ਕੈਂਪ ਲਾਏ ਗਏ ਹਨ ਅਤੇ ਇਸ ਕੈਂਪ ਵਿੱਚ ਵੀ ਭਾਗ ਲੈਣ ਲਈ ਕੋਈ ਫੀਸ ਨਹੀਂ ਰੱਖੀ ਗਈ ਅਤੇ ਕੋਈ ਵੀ ਬੱਚਾ ਮੁਫ਼ਤ ਸਿਖਲਾਈ ਦਾ ਲਾਭ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੱਤਕਾ ਸਰੀਰਕ ਕਸਰਤ ਦੇ ਨਾਲ-ਨਾਲ ਸਵੈ-ਰੱਖਿਆ ਲਈ ਵੀ ਸੁਖਾਲੀ ਖੇਡ ਹੈ ਇਸ ਕਰਕੇ ਨੌਜਵਾਨਾਂ ਖ਼ਾਸਕਰ ਬੱਚੀਆਂ ਨੂੰ ਗੱਤਕਾ ਖੇਡ ਅਪਨਾਉਣੀ ਚਾਹੀਦੀ ਹੈ।
ਇਸ ਮੌਕੇ ਤੇ ਕੌਮਾਂਤਰੀ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਗੱਤਕਾ ਕੋਚ ਸ਼ੈਰੀ ਸਿੰਘ ਭਾਂਬਰੀ ਅਤੇ ਭਾਗ ਲੈਣ ਵਾਲੇ ਬੱਚਿਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ।























