ਚੰਗੀ ਜੀਵਨ-ਜਾਚ ਗ੍ਰਹਿਣ ਕਰਨ ਲਈ ਵਿਦਿਆਰਥੀ ਸਾਹਿਤ ਨਾਲ ਜੁੜਨ : ਡਾ. ਭੀਮਇੰਦਰ ਸਿੰਘ
ਲਹਿਰਾਗਾਗਾ ,30 ਜੁਲਾਈ(ਵਿਸ਼ਵ ਵਾਰਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੰਗਤਪੁਰਾ ਵਿਖੇ ਕੈਰੀਅਰ ਐਂਡ ਕੌਂਸਲਿੰਗ ਸੈੱਲ ਵੱਲੋਂ ਵਿਦਿਆਰਥੀ ਜੀਵਨ ‘ਚ ਮਿਹਨਤ ਦਾ ਮਹੱਤਵ ਵਿਸ਼ੇ ‘ਤੇ ਸੈਮੀਨਾਰ ਕਰਾਇਆ ਗਿਆ। ਸੈਮੀਨਾਰ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਤੋਂ ਪ੍ਰੋਫੈਸਰ ਡਾ. ਭੀਮਇੰਦਰ ਸਿੰਘ ਮੁੱਖ ਬੁਲਾਰੇ ਵਜੋਂ ਪਹੁੰਚੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਭੀਮਇੰਦਰ ਸਿੰਘ ਨੇ ਵਿਦਿਆਰਥੀ ਜੀਵਨ ਦੌਰਾਨ ਔਖੇ ਹਾਲਾਤਾਂ ਦਾ ਦ੍ਰਿੜ ਇਰਾਦੇ ਨਾਲ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੱਤੀ। ਚੰਗੀ ਜੀਵਨ-ਜਾਚ ਗ੍ਰਹਿਣ ਕਰਨ ਲਈ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਦਾ ਸੱਦਾ ਦਿੰਦਿਆਂ ਉਹਨਾਂ ਕਿਹਾ ਕਿ ਦ੍ਰਿੜ ਇਰਾਦੇ ਅੱਗੇ ਮੁਸ਼ਕਲਾਂ ਕਦੇ ਨਹੀਂ ਖੜ੍ਹਦੀਆਂ। ਉਹਨਾਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਅਗਵਾਈ ਦੇਣ ਹਿੱਤ ਸਕੂਲ ਦੇ ਕੈਰੀਅਰ-ਗਾਈਡੈਂਸ ਸੈੱਲ ਵੱਲੋਂ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਬੀਐਨਓ ਦਿਲਦੀਪ ਕੌਰ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਮੰਚ ਸੰਚਾਲਨ ਨਵਦੀਪ ਕੌਰ ਸੰਗਤਪੁਰਾ ਨੇ ਕੀਤਾ। ਸਿੱਖਿਆ ਸਲਾਹਕਾਰ ਕੈਪਟਨ ਸੁਖਚੰਦ ਸਿੰਘ ਨੇ ਸਕੂਲ ਅਧਿਆਪਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।























