ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰਜ਼ ‘ਤੇ ਹੋਏ ਰਾਕੇਟ ਹਮਲੇ ਦੀਆਂ ਤਾਰ੍ਹਾਂ ਵੀ ਹੁਣ ਲਾਰੈਂਸ ਬਿਸ਼ਨੋਈ ਨਾਲ ਜੁੜੀਆਂ
ਚੰਡੀਗੜ੍ਹ,29 ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਰਾਕੇਟ ਹਮਲੇ ਦਾ ਸਬੰਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਆਰਪੀਜੀ ਹਮਲੇ ਦਾ ਮੁੱਖ ਹਮਲਾਵਰ, ਦੀਪਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਨਿਕਲਿਆ। ਦੀਪਕ ਹਰਿਆਣਾ ਦੇ ਝੱਜਰ ਦੇ ਸੂਰਜਪੁਰ ਪਿੰਡ ਦਾ ਰਹਿਣ ਵਾਲਾ ਹੈ। ਹਮਲੇ ਤੋਂ ਕੁਝ ਸਮਾਂ ਪਹਿਲਾਂ ਉਹ ਇੰਟੈਲੀਜੈਂਸ ਦਫ਼ਤਰ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਿਆ ਸੀ। ਇਸ ਤੋਂ ਇਲਾਵਾ ਉਸ ਦੇ ਨਾਲ ਉੱਤਰ ਪ੍ਰਦੇਸ਼ ਦਾ ਇੱਕ ਨਾਬਾਲਗ ਹਮਲਾਵਰ ਵੀ ਸੀ। ਅਜੇ ਤੱਕ ਇਹ ਦੋਵੇਂ ਫੜੇ ਨਹੀਂ ਗਏ ਹਨ। ਪੰਜਾਬ ਪੁਲਿਸ ਨੇ ਪਹਿਲਾਂ ਕਿਹਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ‘ਤੇ ਇਹ ਹਮਲਾ ਕੈਨੇਡਾ ‘ਚ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ਕਰਵਾਇਆ ਸੀ। ਲਾਰੈਂਸ ਇਸ ਸਮੇਂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਇਸ ਮਾਮਲੇ ‘ਚ ਉਸ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਜਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਮੋਹਾਲੀ ਇੰਟੈਲੀਜੈਂਸ ਦਫਤਰ ‘ਤੇ ਰਾਕੇਟ ਹਮਲਾ ਹੋਇਆ ਸੀ। ਜਿਸ ਵਿੱਚ ਕਾਰ ਸਵਾਰ ਹਮਲਾਵਰਾਂ ਨੇ ਰਾਕੇਟ ਦਾਗਿਆ ਸੀ। ਇਸ ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਸੀ, ਪਰ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਆਪਣੀ ਜਾਂਚ ਦੌਰਾਨ ਦਿੱਲੀ ਪੁਲਿਸ ਅਤੇ ਚੰਡੀਗੜ੍ਹ ਇੰਟੈਲੀਜੈਂਸ ਨੂੰ ਗੈਂਗਸਟਰ ਦੀਪਕ ਦੀ ਫੁਟੇਜ ਮਿਲੀ ਹੈ। ਦੀਪਕ ਲਾਰੈਂਸ ਦਾ ਗੁਰਗਾ ਹੈ। ਜੋ ਪਹਿਲਾਂ ਵੀ ਚੰਡੀਗੜ੍ਹ ਵਿੱਚ ਇੱਕ ਪ੍ਰਾਪਰਟੀ ਡੀਲਰ ਦਾ ਕਤਲ ਕਰ ਚੁੱਕਾ ਹੈ।























