ਨਵੇਂ ਨੋਟੀਫੀਕੇਸ਼ਨ ‘ਚ ਮੋਦੀ ਸਰਕਾਰ ਐੱਮਐੱਸਪੀ ਕਾਨੂੰਨ ਬਣਾਉਣ ਤੋਂ ਮੁੱਕਰੀ : ਬੀਬਾ ਰਾਜਵਿੰਦਰ ਕੌਰ ਰਾਜੂ
ਭਾਜਪਾਈ ਮੈਂਬਰਾਂ ਵਾਲੀ ਕਮੇਟੀ ਦੀ ਪ੍ਰਸਤਾਵਨਾ ਮਹਿਲਾ ਕਿਸਾਨ ਯੂਨੀਅਨ ਵੱਲੋਂ ਰੱਦ
ਜਲੰਧਰ ,19 ਜੁਲਾਈ (ਵਿਸ਼ਵ ਵਾਰਤਾ ) ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਘੱਟੋ-ਘੱਟ ਖ਼ਰੀਦ ਮੁੱਲ (ਐਮਐਸਪੀ) ਅਤੇ ਹੋਰ ਵਿਸ਼ਿਆਂ ਬਾਰੇ ਬਣਾਈ ‘ਸਰਕਾਰੀ ਕਮੇਟੀ’ ਨੂੰ ਮੂਲੋਂ ਰੱਦ ਕਰਦਿਆਂ ਮੋਦੀ ਸਰਕਾਰ ਉੱਤੇ ਦੋਸ਼ ਲਾਇਆ ਹੈ ਕਿ ਕਿਸਾਨਾਂ ਦੇ ਹਿੱਤਾਂ ਵਿਰੁੱਧ ਜਾਰੀ ਇਸ ਤਾਜ਼ਾ ਨੋਟੀਫਿਕੇਸ਼ਨ ਨਾਲ ਭਾਜਪਾ ਦੀ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ਅਤੇ ਇਹ ਭਗਵਾਂ ਪਾਰਟੀ ਕਿਸੇ ਵੀ ਤਰ੍ਹਾਂ ਨਾਲ ਕਿਸਾਨਾਂ ਦੀ ਭਲਾਈ ਨਹੀਂ ਚਾਹੁੰਦੀ।
ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨਾਂ ਪ੍ਰਤੀ ਮੋਦੀ ਸਰਕਾਰ ਦੀ ਮਨਸ਼ਾ ਬਾਰੇ ਪ੍ਰਗਟਾਏ ਸਾਰੇ ਸ਼ੰਕੇ ਸੱਚ ਸਾਬਤ ਹੋ ਗਏ ਹਨ ਕਿਉਂਕਿ ਕੇਂਦਰ ਨੇ ਇਸ ਅਧਿਕਾਰਤ ਕਮੇਟੀ ਦੀ ਪ੍ਰਸਤਾਵਨਾ ਅਤੇ ਏਜੰਡੇ ਵਿਚ ਐਮਐਸਪੀ ਉਤੇ ਕਾਨੂੰਨ ਬਣਾਉਣ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਜਿਸ ਕਰਕੇ ਐਮਐਸਪੀ ਕਾਨੂੰਨ ਬਾਰੇ ਸੁਝਾਅ ਰੱਖਿਆ ਤੇ ਵਿਚਾਰਿਆ ਹੀ ਨਹੀਂ ਜਾ ਸਕੇਗਾ।
ਇਸ ਕਮੇਟੀ ਦੀ ਬਣਤਰ ਉੱਤੇ ਵੱਡੇ ਕਿੰਤੂ ਕਰਦਿਆਂ ਮਹਿਲਾ ਕਿਸਾਨ ਨੇਤਾ ਨੇ ਆਖਿਆ ਕਿ ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਸਾਂਝੇ ਫਰੰਟ, ਸੰਯੁਕਤ ਕਿਸਾਨ ਮੋਰਚੇ, ਦੇ ਸਿਰਫ਼ ਤਿੰਨ ਪ੍ਰਤੀਨਿਧ ਹੀ ਮੈਂਬਰ ਲਏ ਜਾਣਗੇ ਜਦ ਕਿ ਮੋਦੀ ਸਰਕਾਰ ਨੇ ਆਪਣੇ ਪੰਜ ਵਫਾਦਾਰਾਂ ਨੂੰ ਕਮੇਟੀ ਮੈਂਬਰ ਬਣਾਇਆ ਹੈ ਜੋ ਕਿਸਾਨ ਵਿਰੋਧੀ ਕਾਨੂੰਨਾਂ ਦੀ ਖੁੱਲ੍ਹ ਕੇ ਵਕਾਲਤ ਕਰਦੇ ਰਹੇ ਅਤੇ ਸਿੱਧੇ ਤੌਰ ਉਤੇ ਭਾਜਪਾ ਤੇ ਆਰਐੱਸਐੱਸ ਨਾਲ ਜੁੜੇ ਹੋਏ ਹਨ ਜਾਂ ਉਨ੍ਹਾਂ ਦੀਆਂ ਨੀਤੀਆਂ ਦੇ ਸਮਰਥਕ ਹਨ।
ਬੀਬਾ ਰਾਜੂ ਨੇ ਕਿਹਾ ਕਿ ਇਸ ਕੇਂਦਰੀ ਕਮੇਟੀ ਦਾ ਚੇਅਰਮੈਨ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਹੈ ਅਤੇ ਪ੍ਰਮੁੱਖ ਮੈਂਬਰਾਂ ਵਿੱਚ ਨੀਤੀ ਆਯੋਗ ਦਾ ਮੈਂਬਰ ਰਮੇਸ਼ ਚੰਦ ਵੀ ਸ਼ਾਮਲ ਹੈ ਅਤੇ ਇਹ ਦੋਵੇਂ ਜਣੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਘੜਨਹਾਰੇ ਹਨ। ਕਿਸਾਨ ਨੇਤਾ ਨੇ ਕਿਹਾ ਕਿ ਇਸ ਕਮੇਟੀ ਵਿਚ ਖੇਤੀ ਵਿਗਿਆਨੀਆਂ ਅਤੇ ਅਰਥ ਸ਼ਾਸਤਰੀਆਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਪ੍ਰਮੁੱਖ ਸਕੱਤਰ ਪੱਧਰ ਦੇ ਨੌਕਰਸ਼ਾਹ ਸ਼ਾਮਲ ਕੀਤੇ ਹਨ ਪਰ ਖੇਤੀ ਅਧਾਰਿਤ ਰਾਜਾਂ ਪੰਜਾਬ ਤੇ ਹਰਿਆਣੇ ਵਿੱਚੋਂ ਕੋਈ ਵੀ ਸੀਨੀਅਰ ਅਧਿਕਾਰੀ ਮੈਂਬਰ ਨਹੀਂ ਲਿਆ। ਇਸੇ ਤਰ੍ਹਾਂ ਹੀ ਦੇਸ਼ ਦੀਆਂ ਤਿੰਨ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਤਿੰਨ ਖੇਤੀ ਵਿਗਿਆਨੀ ਮੈਂਬਰ ਲਏ ਹਨ ਪਰ ਪੰਜਾਬ ਤੇ ਹਰਿਆਣੇ ਦੇ ਖੇਤੀ ਵਿਗਿਆਨੀਆਂ ਨੂੰ ਅਣਗੌਲੇ ਕਰ ਦਿੱਤਾ ਜਿਸ ਤੋਂ ਭਾਜਪਾ ਦੀ ਕੇਂਦਰ ਸਰਕਾਰ ਦੇ ਗੁੱਝੇ ਮਨਸ਼ੇ ਜ਼ਾਹਰ ਹੁੰਦੇ ਹਨ।
ਮਹਿਲਾ ਕਿਸਾਨ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਮੋਦੀ ਸਰਕਾਰ ਇਸ ਕਮੇਟੀ ਰਾਹੀਂ ਸਾਲ 2024 ਦੀਆਂ ਆਮ ਸੰਸਦੀ ਚੋਣਾਂ ਟਪਾਉਣਾ ਚਾਹੁੰਦੀ ਹੈ ਕਿਉਂਕਿ ਇਸ ਕਮੇਟੀ ਦੀ ਪ੍ਰਸਤਾਵਨਾ ਵਿੱਚ ਸਰਕਾਰ ਨੂੰ ਰਿਪੋਰਟ ਦੇਣ ਲਈ ਕੋਈ ਸਮਾਂ ਸੀਮਾ ਨਹੀਂ ਮਿੱਥੀ ਗਈ ਅਤੇ ਇਸ ਕਮੇਟੀ ਨੂੰ ਸੌਂਪੇ ਗਏ ਵੱਡ ਆਕਾਰੀ ਏਜੰਡੇ ਦੀ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਤੋਂ ਕਦੇ ਮੰਗ ਹੀ ਨਹੀਂ ਕੀਤੀ।
ਮਹਿਲਾ ਕਿਸਾਨ ਨੇਤਾ ਬੀਬਾ ਰਾਜੂ ਨੇ ਖਦਸ਼ਾ ਜ਼ਾਹਰ ਕੀਤਾ ਕਿ ਮੋਦੀ ਸਰਕਾਰ ਇਸ ਕਮੇਟੀ ਰਾਹੀਂ ਮੈਂਬਰਾਂ ਦੇ ਸੁਝਾਅ ਲੈ ਕੇ ਅਸਿੱਧੇ ਰੂਪ ਵਿੱਚ ਕਾਲੇ ਖੇਤੀ ਕਾਨੂੰਨ ਮੁੜ ਲਿਆ ਸਕਦੀ ਹੈ ਕਿਉਂਕਿ ਇਸ ਕਮੇਟੀ ਦੀ ਪ੍ਰਸਤਾਵਨਾ ਵਿਚ ਇਕ ਅਜਿਹੀ ਮੱਦ ਵੀ ਸ਼ਾਮਲ ਹੈ ਜਿਸ ਕਰਕੇ ਸੰਯੁਕਤ ਕਿਸਾਨ ਮੋਰਚੇ ਅਤੇ ਦੇਸ਼ ਦੇ ਕਿਸਾਨਾਂ ਨੂੰ ਭਾਜਪਾ ਸਰਕਾਰ ਦੀ ਮੰਦਭਾਵਨਾ ਵਿਰੁੱਧ ਅਗਾਊਂ ਹੀ ਚੌਕਸ ਹੋ ਜਾਣਾ ਚਾਹੀਦਾ ਹੈ।























