ਬਾਂਝਪਨ ਨਾਲ ਜੁੜੀਆਂ ਬਿਮਾਰੀਆਂ ਬਾਰੇ ਰਾਸ਼ਟਰੀ ਕਾਨਫ਼ਰੰਸ ਆਯੋਜਿਤ
200 ਤੋਂ ਜ਼ਿਆਦਾ ਮਾਹਰ ਡਾਕਟਰਾਂ ਨੇ ਲਿਆ ਹਿੱਸਾ
ਚੰਡੀਗੜ੍ਹ ਆਈ.ਵੀ. ਹਸਪਤਾਲ ਮੋਹਾਲੀ ਵਿਖੇ ਟੈਸਟ ਟਿਊਬ ਬੇਬੀ ਕੇਂਦਰ ਦੀ ਡਾਇਰੈਕਟਰ ਅਤੇ ਇੰਚਾਰਜ ਡਾ. ਰਿੰਮੀ ਸਿੰਗਲਾ ਨੇ ਅੱਜ ਚੰਡੀਗੜ੍ਹ ਵਿਖੇ ਹੋਟਲ ਲਲਿਤ ਵਿੱਚ ਬਾਂਝਪਨ ਦੀਆਂ ਸਮੱਸਿਆਵਾਂ ਸੰਬੰਧੀ ਰਾਸ਼ਟਰ ਪੱਧਰੀ ਇੱਕ ਰੋਜ਼ਾ ਕਾਨਫ਼ਰੰਸ ਦਾ ਆਯੋਜਨ ਕੀਤਾ । ਇਸ ਰਾਸ਼ਟਰੀ ਕਾਨਫ਼ਰੰਸ ਦਾ ਉਦਘਾਟਨ ਸ: ਬਲਬੀਰ ਸਿੰਘ ਸਿੱਧੂ ਐੱਮ.ਐੱਲ.ਏ ਮੋਹਾਲੀ ਵੱਲੋਂ ਕੀਤਾ ਗਿਆ । ਇਸ ਦੋਰਾਨ ਉਨ੍ਹਾਂ ਬੋਲਦੇ ਹੋਏ ਕਿਹਾ ਕਿ ਸਿਹਤਮੰਦ ਜੀਵਨ ਲਈ ਵਧੀਆ ਰਹਿਣ-ਸਹਿਣ ਹੋਣਾ ਜਰੂਰੀ ਹੈ। ਜਿਸ ਲਈ ਵਧੀਆ ਖੁਰਾਕ,ਸਮੇਂ ਸਿਰ ਸੌਣਾ-ਜਾਗਣਾ ਅਤੇ ਹਰ ਰੋਜ਼ ਕਸਰਤ ਕਰਨੀ ਜਿਹੇ ਨਿਜ਼ਮ ਲਾਗੂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਨੂੰ ਅਪਨਾਉਣ ਤੇ ਹੀ ਇੱਕ ਵਿਅਕਤੀ ਸਿਹਤਮੰਦ ਜੀਵਨ ਜੀਅ ਸਕਦਾ ਹੈ।
ਰਾਸ਼ਟਰੀ ਕਾਨਫ਼ਰੰਸ ਵਿਚ ਟਰਾਈਸਿਟੀ, ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੋਂ 200 ਤੋਂ ਜ਼ਿਆਦਾ ਔਰਤਾਂ ਦੀਆਂ ਔਲਾਦ ਨਾ ਹੋਣ ਨਾਲ ਸਬੰਧਤ ਬਿਮਾਰੀਆਂ ਦੇ ਮਾਹਰ ਡਾਕਟਰਾਂ ਨੇ ਹਿੱਸਾ ਲਿਆ। ਡਾ. ਰਿੰਮੀ ਸਿੰਗਲਾ ਨੇ ਦੱਸਿਆ ਕਿ ਇਸ ਦੌਰਾਨ ਸੀਨੀਅਰ ਡਾਕਟਰਾਂ ਨੇ ਅੰਡੇਦਾਨੀ ਵਿੱਚ ਪਾਣੀ ਭਰਨ, ਬਾਂਜਪਨ, ਪੀ.ਸੀ.ਓ.ਐੱਸ ਨਾਲ ਸਬੰਧਤ ਤਾਜ਼ਾ ਜਾਣਕਾਰੀਆਂ ਅਤੇ ਆਈ.ਵੀ.ਐੱਫ਼. ਬਾਰੇ ਚਰਚਾ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਇਸ ਵਿਸ਼ੇ ਉਪਰ ਸੈਂਕੜੇ ਡਾਕਟਰਾਂ ਨੇ ਇਕੱਠਿਆਂ ਗੱਲਬਾਤ ਕੀਤੀ ਹੈ। ਇਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਡਾ. ਰਿੰਮੀ ਸਿੰਗਲਾ ਨੇ ਦੱਸਿਆ ਕਿ ਅੱਜ ਕੱਲ ਅੰਡੇਦਾਨੀ ਵਿੱਚ ਪਾਣੀ ਭਰਨ ਜਾਂ ਗੱਠਾਂ ਹੋ ਜਾਣ ਅਤੇ ਬਾਂਝਪਨ ਨਾਲ ਜੁੜੀਆਂ ਹੋਰ ਬਿਮਾਰੀਆਂ ਦੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ। ਇਥੋਂ ਤਕ ਕਿ ਕੁਆਰੀਆਂ ਕੁੜੀਆਂ ਦੀ ਅੰਡੇਦਾਨੀ ਵਿੱਚ ਵੀ ਪਾਣੀ ਭਰਨ ਦੀ ਬਿਮਾਰੀ ਆਮ ਹੁੰਦੀ ਜਾ ਰਹੀ ਹੈ। ਅਜਿਹੀਆਂ ਕੁੜੀਆਂ ਜੇ ਸਮੇਂ ਸਿਰ ਇਲਾਜ ਨਾ ਕਰਾਉਣ ਤਾਂ ਉਨ੍ਹਾਂ ਵਿੱਚ ਵੀ ਵਿਆਹ ਪਿੱਛੋਂ ਮਾਂ ਨਾ ਬਣਨ ਦੀ ਸ਼ਕਤੀ ਘੱਟ ਜਾਂਦੀ ਹੈ। ਡਾ. ਰਿੰਮੀ ਸਿੰਗਲਾ ਨੇ ਕਿਹਾ ਕਿ ਇਹ ਬਿਮਾਰੀ ਦਾ ਵਧਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਸਾਨੂੰ ਗੰਭੀਰ ਹੋਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਡਾ. ਰਿੰਮੀ ਸਿੰਗਲਾ ਪਿਛਲੇ ਲੰਬੇ ਸਮੇਂ ਤੋਂ ਆਈ.ਵੀ.ਐੱਫ਼. ਤਕਨੀਕ ਰਾਹੀਂ ਬਹੁਤ ਸਾਰੀਆਂ ਬਾਂਝ ਔਰਤਾਂ ਦਾ ਸਫ਼ਲਤਾਪੂਰਵਕ ਇਲਾਜ ਕਰਕੇ ਉਨ੍ਹਾਂ ਨੂੰ ਔਲਾਦ ਦਾ ਸੁੱਖ ਦੇ ਚੁੱਕੇ ਹਨ। ਇਸ ਪ੍ਰੋਗਰਾਮ ਵਿੱਚ ਦਿੱਲੀ ਤੋਂ ਡਾ. ਤਾਰਨੀ ਤਨੇਜਾ,ਡਾ. ਸ਼ਿਵਾਨੀ ਸਚਦੇਵ ਗੌਰ,ਡਾ. ਲਵਲੀਨ ਸੋਢੀ,ਡਾ. ਪ੍ਰੀਤੀ ਜਿੰਦਲ ਅਤੇ ਡਾ. ਸੋਨੀਆ ਮਲਿਕ ਵਿਸ਼ੇਸ਼ ਤੋਰ ਤੇ ਸ਼ਾਮਿਲ ਸਨ।