ਜਮੀਨੀ ਪਾਣੀ ਦੀ ਸੰਭਾਲ ਲਈ ਨਗਰ ਨਿਗਮ ਅਪਣਾਏਗਾ ‘ਰੇਨ ਵਾਟਰ ਹਾਰਵੈਸਟਿੰਗ’ ਤਕਨੀਕ
ਬਜਾਰਾਂ ਵਿੱਚ ਕਬਜੇ ਕਰਨ ਵਾਲਿਆਂ ਦੇ ਹੋਣਗੇ ‘ਈ-ਚਾਲਾਨ’- ਨਿਗਮ ਕਮਿਸ਼ਨਰ
ਪਟਿਆਲਾ ਮੀਡੀਆ ਕਲੱਬ ਪੁੱਜੇ ਨਿਗਮ ਕਮਿਸ਼ਨ ਅਦਿੱਤਿਆ ਉੱਪਲ ਨੇ ਸਮੱਸਿਆਵਾਂ ਦੇ ਦੱਸੇ ਹੱਲ
ਪਟਿਆਲਾ,27 ਜੂਨ (ਵਿਸ਼ਵ ਵਾਰਤਾ) ਪਾਣੀ ਦੀ ਸੰਭਾਲ ਲਈ ਨਗਰ ਨਿਗਮ ਆਪਣੇ ਆਪ ਤੋਂ ਸੁਰੂਆਤ ਕਰਨ ਜਾ ਰਿਹਾ ਹੈ। ਨਿਗਮ ਦਫਤਰ ਵਿਚ ਰੇਨ ਹਾਰਵੈਸਟਿੰਗ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਕੰਮ ਸੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸ਼ਹਿਰ ਵਿੱਚ ਵਿਗੜ ਰਹੀ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ ਲਈ ਨਗਰ ਨਿਗਮ ਟਰੈਫਿਕ ਪੁਲਿਸ ਨਾਲ ਮਿਲ ਕੇ ਕੰਮ ਕਰੇਗਾ। ਸਹਿਰ ਦੇ ਬਾਜਾਰਾਂ ‘ਚ ਕਬਾਂ ਤੋਂ ਛੁਟਕਾਰਾ ਦਿਵਾਉਣ ਲਈ ਲੈਂਡ ਬ੍ਰਾਂਚ ਈ-ਚਾਲਾਨ ’ਤੇ ਕੰਮ ਕਰੇਗੀ। ਇਹ ਜਾਣਕਾਰੀ ਨਗਰ ਨਿਗਮ ਦੇ ਕਮਿਸ਼ਨਰ ਆਈਏਐਸ ਅਦਿੱਤਿਆ ਉੱਪਲ ਨੇ ਪਟਿਆਲਾ ਮੀਡੀਆ ਕਲੱਬ ਵਿਖੇ ‘ਮੀਟ ਦਾ ਪ੍ਰੈਸ’ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਾਂਝੀ ਕੀਤੀ।
ਨਿਗਮ ਕਮਿਸਨਰ ਅਦਿੱਤਿਆ ਉੱਪਲ ਨੇ ਪੱਤਰਕਾਰਾਂ ਨਾਲ ਪਲੇਠੀ ਮੁਲਾਕਾਤ ਕਰਦਿਆਂ ਸ਼ਹਿਰ ਦੇ ਅਹਿਮ ਮਸਲਿਆਂ ਤੇ ਪ੍ਰਾਜੈਕਟਾਂ ’ਤੇ ਵਿਚਾਰ ਸਾਂਝੇ ਕੀਤੇ। ਜਨਮ-ਮੌਤ ਸ਼ਾਖਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਨਿਗਮ ਕਮਿਸਨਰ ਨੇ ਕਿਹਾ ਕਿ ਕੁਦਰਤੀ ਮੌਤ ਤੋਂ ਬਾਅਦ ਮੌਤ ਦਾ ਸਰਟੀਫਿਕੇਟ ਲੈਣ ਲਈ ਭਰੇ ਜਾਣ ਵਾਲੇ ਫਾਰਮ ਵਿੱਚ ਡਾਕਟਰ ਵੱਲੋਂ ਮੌਤ ਦੇ ਕਾਰਨਾਂ ਦਾ ਜਿਕਰ ਕਰਨਾ ਲਾਜਮੀ ਹੈ ਪਰ ਕਈ ਮਾਮਲਿਆਂ ਵਿੱਚ ਮਿ੍ਰਤਕ ਡਾਕਟਰ ਕੋਲ ਨਹੀਂ ਲਿਜਾਣਾ ਪੈਂਦਾ। ਅਜਿਹੇ ’ਚ ਪਰਿਵਾਰਕ ਮੈਂਬਰਾਂ ਨੂੰ ਮੌਤ ਤੋਂ ਬਾਅਦ ਸਰਟੀਫਿਕੇਟ ਲੈਣ ’ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਗਮ ਕਮਿਸਨਰ ਨੇ ਕਿਹਾ ਕਿ ਉਹ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਦੇ ਹਨ ਅਤੇ ਜਲਦੀ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ।
ਰਾਜਿੰਦਰਾ ਝੀਲ ਵਿੱਚ ਸਫਾਈ ਦੀ ਘਾਟ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਨਿਗਮ ਕਮਿਸ਼ਨਰ ਨੇ ਕਿਹਾ ਕਿ ਜਲਦ ਹੀ ਇਕ ਅਹਿਮ ਪ੍ਰਾਜੈਕਟ ਤਹਿਤ ਝੀਲ ਦੀ ਸੰਭਾਲ ਤੇ ਸੁੰਦਰੀਕਰਨ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿੱਚ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਇਲਾਕੇ ਵਿਚੋਂ ਹਰ ਹਫਤੇ ਪਾਣੀ ਦੇ ਘੱਟੋ-ਘੱਟ 20 ਸੈਂਪਲ ਭਰੇ ਜਾਣਗੇ। ਸੈਂਪਲ ਦੀ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾ ਪਟਿਆਲਾ ਮੀਡੀਆ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਨਿਗਮ ਕਮਿਸ਼ਨਰ ਨੂੰ ਸਨਮਾਨ ਚਿੰਨ ਭੇਟ ਕੀਤਾ ਗਿਆ।
ਡੱਬੀ
ਡੇਅਰੀ ਸ਼ਿਫ਼ਟਿੰਗ ਦੀਆਂ ਤਿਅਰੀਆਂ ਮੁਕੰਮਲ
ਡੇਅਰੀ ਸਿਫ਼ਟਿੰਗ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਨਿਗਮ ਕਮਿਸਨਰ ਨੇ ਕਿਹਾ ਕਿ ਪਿੰਡ ਅਬਲੋਵਾਲ ਵਿੱਚ ਡੇਅਰੀ ਸ਼ਿਫਟਿੰਗ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਫਿਲਹਾਲ ਕੋਈ ਰੁਕਾਵਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਵਾਲੀ ਥਾਂ ’ਤੇ ਪਸ਼ੂਆਂ ਦੇ ਗੋਹੇ ਆਦਿ ਦੇ ਨਿਪਟਾਰੇ ਲਈ ਯੋਗ ਪ੍ਰਬੰਧ ਆਪਣੇ ਅੰਤਿਮ ਪੜਾਅ ’ਤੇ ਹਨ ਅਤੇ ਜਿਵੇਂ ਹੀ ਉਹ ਮੁਕੰਮਲ ਹੋ ਜਾਣਗੇ, ਸਭ ਤੋਂ ਪਹਿਲਾਂ ਉਨ੍ਹਾਂ 66 ਡੇਅਰੀ ਮਾਲਕਾਂ ਨੂੰ ਤਬਦੀਲ ਕਰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਪਹਿਲਾਂ ਨਿਗਮ ਕੋਲ ਪਲਾਟ ਲੈਣ ਲਈ ਕਿਸਤ ਜਮ੍ਹਾ ਕਰਵਾ ਕੇ ਅਲਾਟਮੈਂਟ ਪੱਤਰ ਦਿੱਤਾ ਗਿਆ ਹੈ।
ਡੱਬੀ
ਦੁਕਾਨਦਾਰ ਕੂੜਾ-ਕਰਕਟ ਨੂੰ ਕੁੂੜੇਦਾਨਾਂ ਵਿਚ ਪਾਉਣ
ਬਿਲਡਿੰਗ ਬਰਾਂਚ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਨਿਗਮ ਕਮਿਸਨਰ ਨੇ ਕਿਹਾ ਕਿ ਨਿਗਮ ਦੇ ਅਧਿਕਾਰ ਖੇਤਰ ਵਿੱਚ ਜਿੱਥੇ ਵੀ ਨਾਜਾਇਜ ਇਮਾਰਤਾਂ ਬਣੀਆਂ ਹਨ, ਉਨ੍ਹਾਂ ਬਾਰੇ ਉਨ੍ਹਾਂ ਕੋਲ ਪੂਰੀ ਜਾਣਕਾਰੀ ਹੈ। ਛੋਟੀ ਬਾਰਾਂਦਰੀ ਕਾਰ ਬਾਜ਼ਾਰ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਨਿਗਮ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਛੋਟੀ ਬਾਰਾਂਦਰੀ ਦਾ ਦੌਰਾ ਕਰਨਗੇ ਅਤੇ ਡੀ.ਸੀ ਨਾਲ ਮੀਟਿੰਗ ਕਰਕੇ ਇਲਾਕਾ ਨਿਵਾਸੀਆਂ ਦੇ ਹੱਕ ਵਿੱਚ ਫੈਸਲਾ ਲੈਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਵੀ ਦੁਕਾਨਦਾਰ ਆਪਣੀਆਂ ਦੁਕਾਨਾਂ ਦੀ ਸਫਾਈ ਕਰਨ ਉਪਰੰਤ ਕੂੜਾ-ਕਰਕਟ ਨੂੰ ਸੜਕਾਂ ’ਤੇ ਇਕੱਠਾ ਨਾ ਕਰਨ, ਸਗੋਂ ਨੇੜਲੇ ਕੂੜੇਦਾਨ ਵਿੱਚ ਪਹੁੰਚਾਉਣ।























