ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਖਿਲਾਫ ਸੰਗਰੂਰ ਵਿੱਚ ਮਾਮਲਾ ਦਰਜ
ਸੰਗਰੂਰ, 21 ਜੂਨ(ਵਿਸ਼ਵ ਵਾਰਤਾ)-: ਸੰਗਰੂਰ ਪੁਲਿਸ ਨੇ ਅਮਰੀਕਾ ਸਥਿਤ ਸਿੱਖਸ ਫਾਰ ਜਸਟਿਸ (SFJ) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪੰਨੂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਸ ਉੱਤੇ ਤੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਅਤੇ ਪੰਜਾਬ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਰਚਣ ਲਈ ਦੇ ਦੋਸ਼ ਹਨ। ਦੱਸ ਦਈਏ ਕਿ ਬੀਤੇ ਕੱਲ੍ਹ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਪਹਿਲਾਂ ਸ਼੍ਰੀ ਕਾਲੀ ਮਾਤਾ ਮੰਦਰ, ਸੰਗਰੂਰ ਦੇ ਪਿਛਲੇ ਗੇਟ ਅਤੇ ਕੰਧ ‘ਤੇ ਕਾਲੇ ਸਪਰੇਅ ਪੇਂਟ ਨਾਲ “ਰੈਫਰੈਂਡਮ 26 ਜਨਵਰੀ 2023 ਅਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਸਨ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕਥਿਤ ਤੌਰ ‘ਤੇ ਇਸ ਗੈਰ-ਕਾਨੂੰਨੀ ਸੰਗਠਨ SFJ ਨੂੰ ਚਲਾਉਣ ਵਾਲਾ ਗੁਰਪਤਵੰਤ ਪੰਨੂ ਇਸ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸੰਗਰੂਰ ਪੁਲਿਸ ਨੇ ਪੰਨੂ ਅਤੇ ਅਣਪਛਾਤਿਆਂ ਖਿਲਾਫ ਧਾਰਾਵਾਂ 153 A, 153 B, 120 B, ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 13, 18, ਸੈਕਸ਼ਨ 3 ਪੰਜਾਬ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਐਕਟ ਤਹਿਤ ਐਫ.ਆਈ.ਆਰ ਨੰਬਰ 116 ਮਿਤੀ 20/06/22 ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।





















