ਅਗਨੀਪਥ ਸਕੀਮ ਦੇ ਵਿਰੋਧ ਵਿੱਚ ਸੱਤ ਸੂਬਿਆਂ ਦੇ ਨੌਜਵਾਨਾਂ ਦਾ ਪ੍ਰਦਰਸ਼ਨ ਲਗਤਾਰ ਜਾਰੀ
ਬਿਹਾਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਰੇਲ ਗੱਡੀਆਂ,ਪ੍ਰਾਈਵੇਟ ਗੱਡੀਆਂ ਦੀ ਕੀਤੀ ਭੰਨਤੋੜ
ਗੁਆਂਢੀ ਸੂਬੇ ਹਰਿਆਣਾ ਵਿੱਚ ਹਾਲਾਤ ਕਾਬੂ ਤੋਂ ਬਾਹਰ,ਕਈ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ
ਚੰਡੀਗੜ੍ਹ,17 ਜੂਨ(ਵਿਸ਼ਵ ਵਾਰਤਾ)-ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪਥ ਸਕੀਮ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਨੌਜਵਾਨ ਪ੍ਰਦਰਸ਼ਨ ਕਰ ਰਹੇ ਹਨ। ਦੇਸ਼ ਦੇ ਸੱਤ ਸੂਬੇ ਪ੍ਰਦਰਸ਼ਨਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਹਨਾਂ ਵਿੱਚ ਹਰਿਆਣਾ,ਉੱਤਰ ਪ੍ਰਦੇਸ਼,ਰਾਜਸਥਾਨ,ਬਿਹਾਰ,ਮੱਧ ਪ੍ਰਦੇੇਸ਼ ਅਤੇ ਦਿੱਲੀ ਸ਼ਾਮਿਲ ਹਨ।
ਹਰਿਆਣਾ ‘ਚ ਅੱਜ ਸਵੇਰੇ ਵਿਰੋਧ ਫਿਰ ਤੋਂ ਸ਼ੁਰੂ ਹੋ ਗਿਆ ਹੈ। ਨਾਰਨੌਲ, ਜੀਂਦ, ਨਰਵਾਣਾ, ਫਤਿਹਾਬਾਦ, ਹਿਸਾਰ, ਰੇਵਾੜੀ ਜ਼ਿਲਿਆਂ ‘ਚ ਨੌਜਵਾਨ ਸੜਕਾਂ ‘ਤੇ ਉਤਰ ਆਏ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਹੰਗਾਮਾ ਕੀਤਾ। ਨੌਜਵਾਨਾਂ ਨੇ ਭੰਨਤੋੜ ਵੀ ਕੀਤੀ, ਜਿਸ ਨੂੰ ਕਾਬੂ ਕਰਨ ਦੌਰਾਨ ਪੁਲਿਸ ਨੂੰ ਬਲ ਦੀ ਵਰਤੋਂ ਕਰਨੀ ਪਈ।
ਅੱਜ ਸਵੇਰੇਰੇ ਨਾਰਨੌਲ ਸ਼ਹਿਰ ਦੇ ਬੱਸ ਸਟੈਂਡ ‘ਤੇ ਨੌਜਵਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਭੰਨਤੋੜ ਕੀਤੀ। ਜਦੋਂ ਬਦਮਾਸ਼ ਡੀਸੀ ਦਫ਼ਤਰ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੂੰ ਮਹਾਵੀਰ ਚੌਕ ਅਤੇ ਬੱਸ ਸਟੈਂਡ ਤੋਂ ਖਿੰਡਾਇਆ ਗਿਆ। ਪੁਲਿਸ ਨੇ 20 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ।ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਪ੍ਰਦਰਸ਼ਨ ਜਾਰੀ ਹਨ।
ਦੂਜੇ ਪਾਸੇ ਜੀਂਦ ਦੇ ਨਰਵਾਣਾ ਵਿੱਚ ਨੌਜਵਾਨਾਂ ਨੇ ਦਿੱਲੀ-ਫ਼ਿਰੋਜ਼ਪੁਰ ਰੇਲ ਮਾਰਗ ਜਾਮ ਕਰ ਦਿੱਤਾ ਹੈ। ਜੀਂਦ ‘ਚ ਪ੍ਰਦਰਸ਼ਨ ਹੋ ਰਹੇ ਹਨ, ਜਦਕਿ ਰਤੀਆ, ਫਤਿਹਾਬਾਦ ‘ਚ ਨੌਜਵਾਨ ਸੰਜੇ ਚੌਕ ‘ਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਭਿਵਾਨੀ ਦੇ ਤੋਸ਼ਾਮ ਤੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਦਿੱਲੀ ਜਾਣ ਦੀ ਸੂਚਨਾ ਹੈ। ਨੌਜਵਾਨਾਂ ਨੇ ਹੱਥਾਂ ਵਿੱਚ ਤਿਰੰਗਾ ਫੜਿਆ ਹੋਇਆ ਹੈ। ਹਰਿਆਣਾ ਦੇ ਕਈ ਹੋਰ ਖੇਤਰਾਂ ਵਿੱਚ ਵੀ ਨੌਜਵਾਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪੁਲਸ ਅਲਰਟ ‘ਤੇ ਹੈ ਅਤੇ ਪਲਵਲ ਤੋਂ ਬਾਅਦ ਇਹਤਿਆਤ ਦੇ ਤੌਰ ‘ਤੇ ਬੱਲਭਗੜ੍ਹ, ਫਰੀਦਾਬਾਦ ‘ਚ ਵੀ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।
ਇਹਨਾਂ ਵਿਰੋਧ ਪ੍ਰਦਰਸ਼ਨਾਂ ਦਾ ਸਭ ਤੋਂ ਵੱਡਾ ਪ੍ਰਭਾਵ ਬਿਹਾਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਰਾਜਧਾਨੀ ਪਟਨਾ ਸਮੇਤ 22 ਜ਼ਿਲ੍ਹਿਆਂ ਵਿੱਚ ਭਾਰੀ ਹੰਗਾਮਾ ਹੋਇਆ। ਹੁਣ ਤੱਕ 6 ਟਰੇਨਾਂ ਸੜ ਚੁੱਕੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਸਮਸਤੀਪੁਰ ਵਿੱਚ ਦੋ ਯਾਤਰੀ ਰੇਲ ਗੱਡੀਆਂ, ਲਖੀਸਰਾਏ ਵਿੱਚ ਦੋ, ਆਰਾ ਅਤੇ ਸੁਪੌਲ ਵਿੱਚ ਇੱਕ-ਇੱਕ ਰੇਲ ਗੱਡੀਆਂ ਨੂੰ ਅੱਗ ਲਾ ਦਿੱਤੀ। ਇਸ ਦੇ ਨਾਲ ਹੀ ਬਕਸਰ ਅਤੇ ਨਾਲੰਦਾ ਸਮੇਤ ਕਈ ਜ਼ਿਲ੍ਹਿਆਂ ‘ਚ ਰੇਲ ਪਟੜੀਆਂ ‘ਤੇ ਅੱਗਜ਼ਨੀ ਕੀਤੀ ਗਈ ਹੈ।ਅੱਗਜ਼ਨੀ ਤੋਂ ਬਾਅਦ ਅਰਰਾ ਵਿੱਚ ਸੜਕ ਜਾਮ ਕਰ ਦਿੱਤੀ ਗਈ ਹੈ।























