ਇੱਕ ਯੂਨਿਟ ਖੂਨ ਕਈ ਜਿੰਦਗੀਆਂ ਬਚਾ ਸਕਦਾ ਹੈ : ਸਿਹਤ ਸਕੱਤਰ ਅਜੋਏ ਸ਼ਰਮਾ
-ਸੂਬੇ ਭਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵਿਸ਼ਵ ਖੂਨਦਾਨ ਦਿਵਸ ਮਨਾਇਆ
“ਸੂਬੇ ਭਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਸਕੱਤਰ ਸ੍ਰੀ ਅਜੋਏ ਸ਼ਰਮਾ ਨੇ ਦੱਸਿਆ ਕਿ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ਇਸ ਦਿਵਸ ਦਾ ਨਾਅਰਾ ਹੈ “ਖੂਨਦਾਨ ਕਰਨਾ ਏਕਤਾ ਦਾ ਕੰਮ ਹੈ, ਕੋਸ਼ਿਸ਼ਾਂ ਵਿੱਚ ਸ਼ਾਮਲ ਹੋਵੋ ਅਤੇ ਜੀਵਨ ਬਚਾਓ”। ਇੱਕ ਯੂਨਿਟ ਖੂਨ ਕਈ ਜਿੰਦਗੀਆਂ ਬਚਾ ਸਕਦਾ ਹੈ l
ਸਕੱਤਰ ਸਿਹਤ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਲਈ ਕਿ ਹਰ ਕਿਸੇ ਦੀ ਸੁਰੱਖਿਅਤ ਖੂਨ ਤੱਕ ਪਹੁੰਚ ਹੋਵੇ, ਸਾਨੂੰ ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲੇ ਦਾਨੀਆਂ ਦੀ ਜਰੂਰਤ ਹੁੰਦੀ ਹੈ ਜੋ ਨਿਯਮਿਤ ਤੌਰ ‘ਤੇ ਖੂਨ ਦਾਨ ਕਰਦੇ ਹਨ। ਇੱਕ ਪ੍ਰਭਾਵਸ਼ਾਲੀ ਖੂਨਦਾਨ ਪ੍ਰੋਗਰਾਮ ਲਈ ਸਮਾਜ ਦੀ ਵਿਆਪਕ ਅਤੇ ਸਰਗਰਮ ਭਾਗੀਦਾਰੀ ਦੀ ਲੋੜ ਹੁੰਦੀ ਹੈ। ਵਿਭਾਗ ਦਾ ਉਦੇਸ਼ ਵੱਧ ਤੋਂ ਵੱਧ ਖੂਨ ਇਕੱਠਾ ਕਰਨ ਦੇ ਨਾਲ-ਨਾਲ ਇੱਛੁਕ ਖੂਨਦਾਨੀਆਂ ਦੀ ਰਜਿਸਟ੍ਰੇਸ਼ਨ ਕਰਨਾ ਹੈ। ਖੂਨਦਾਨੀਆਂ ਦੀ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਲਈ, 14 ਜੂਨ, 2022 ਤੋਂ ਇੱਕ ਮਹੀਨੇ ਦੀ ਮੁਹਿੰਮ ਅਧੀਨ ਸਾਰੇ ਪੀ.ਐੱਚ.ਸੀ./ਸੀ.ਐੱਚ.ਸੀ./ਉਪ-ਜ਼ਿਲ੍ਹਾ ਅਤੇ ਜ਼ਿਲ੍ਹਾ ਹਸਪਤਾਲਾਂ ਅਤੇ ਹੋਰ ਬਲੱਡ ਬੈਂਕਾਂ ਵਿੱਚ ਬਲੱਡ ਗਰੁੱਪ ਟੈਸਟ ਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਉਹਨਾਂ ਦੇ ਬਲੱਡ ਗਰੁੱਪ ਬਾਰੇ ਪਤਾ ਲੱਗ ਸਕੇ ਜੋ ਕਿ ਖੂਨਦਾਨ ਦੇ ਉਦੇਸ਼ ਲਈ ਐਮਰਜੈਂਸੀ ਹਾਲਾਤਾਂ ਵਿੱਚ ਲਾਭਦਾਇਕ ਹੋਵੇਗਾ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਇੱਕ ਵੈੱਬ-ਆਧਾਰਿਤ ਪ੍ਰਣਾਲੀ ਈ-ਰਕਤ ਕੋਸ਼ ਉਪਲਬਧ ਹੈ ਜੋ ਦੇਸ਼ ਦੇ ਸਾਰੇ ਬਲੱਡ ਬੈਂਕਾਂ ਨੂੰ ਇੱਕ ਨੈੱਟਵਰਕ ਨਾਲ ਜੋੜਦਾ ਹੈ। ਇਹ ਆਮ ਲੋਕ ਨੂੰ ਖੂਨ ਦੀ ਉਪਲਬਧਤਾ ਸਥਿਤੀ ਤੱਕ ਆਸਾਨੀ ਨਾਲ ਪਹੁੰਚ ਕਰਨ ਵਿੱਚ ਮਦਦ ਕਰਦਾ ਹੈ ਅਤੇ ਨੇੜਲੇ ਬਲੱਡ ਬੈਂਕਾਂ (ਖਾਸ ਕਰਕੇ ਦੁਰਲੱਭ ਸਮੂਹਾਂ) ਵਿੱਚ ਕਿਸੇ ਖਾਸ ਬਲੱਡ ਗਰੁੱਪ ਦੀ ਉਪਲਬਧਤਾ ਬਾਰੇ ਵੀ ਦੱਸਦਾ ਹੈ। ਇਸ ਸਿਸਟਮ ਨਾਲ ਖੂਨ ਅਤੇ ਖੂਨ ਦੇ ਉਤਪਾਦਾਂ (ਬਲੱਡ ਕੰਪੋਨੈਂਟ) ਦੀ ਔਨਲਾਈਨ ਟਰੈਕਿੰਗ ਅਤੇ ਟ੍ਰੇਲਿੰਗ ਸੂਬਾ ਪੱਧਰ ਤੇ ਕੀਤੀ ਜਾ ਸਕਦੀ ਹੈ।























