ਪੁੱਡਾ ਵੱਲੋਂ ਅਣ-ਅਧਿਕਾਰਿਤ ਵਪਾਰਕ ਅਤੇ ਰਿਹਾਇਸ਼ੀ ਉਸਾਰੀਆਂ ਵਿਰੁੱਧ ਸਖਤ ਕਾਰਵਾਈ
ਅੰਮ੍ਰਿਤਸਰ,4 ਜੂਨ(ਵਿਸ਼ਵ ਵਾਰਤਾ)- ਅੰਮ੍ਰਿਤਸਰ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਵਲੋਂ ਅਣ-ਅਧਿਕਾਰਿਤ ਅਤੇ ਗ਼ੈਰ-ਕਾਨੂੰਨੀ ਰਿਹਾਇਸ਼ੀ ਕਾਲੋਨੀਆਂ ਤੇ ਵਪਾਰਿਕ ਉਸਾਰੀਆਂ ਦੇ ਖਿਲਾਫ ਜੋ ਮੁਹਿੰਮ ਆਰੰਭ ਕੀਤੀ ਗਈ ਹੈ, ਉਸਨੂੰ ਜਾਰੀ ਰੱਖਦਿਆਂ ਅਜ ਫਿਰ ਪੰਜਾਬ ਅਰਬਨ ਪਲੈਨਿੰਗ ਅਤੇ ਡਿਵੈਲਪਮੈਂਟ ਅਥਾਰਿਟੀ ਦੇ ਪ੍ਰਿੰਸੀਪਲ ਸੈਕਟਰੀ ਅਜੋਏ ਸਿਨਹਾ ਆਈਏਐਸ,ਘਣਸ਼ਿਆਮ ਥੋਰੀ ਆਈਏਐਸ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਗਠਿਤ ਸਪੈਸ਼ਲ ਟੀਮ ਵਲੋਂ ਅੰਮ੍ਰਿਤਸਰ ਜਿਲੇ ਦੇ ਵੱਖ-ਵੱਖ ਸਥਾਨਾਂ ਤੇ ਉਪਰੋਕਤ ਰਿਹਾਇਸ਼ੀ ਅਤੇ ਕਮਰਸ਼ੀਅਲ ਨਜ਼ਾਇਜ਼ ਉਸਰੀਆਂ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕਰਦਿਆਂ ਹੋਇਆ ਇਹਨਾਂ ਨੂੰ ਢਾਹ ਦਿਤਾ ਗਿਆ।
ਇਸ ਮੌਕੇ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਿਟੀ ਦੀ ਵਧੀਕ ਮੁੱਖ ਪ੍ਰਸ਼ਾਸਕ ਪੀਸੀਐਸ ਅਧਿਕਾਰੀ ਲਵਜੀਤ ਕਲਸੀ ਨੇ ਕਿਹਾ ਕਿ ਪੁਡਾ ਵਲੋਂ ਅਣ-ਅਧਿਕਾਰਿਤ ਉਸਾਰੀਆਂ ਅਤੇ ਕਾਲੋਨੀਆਂ ਖਿਲਾਫ ਕੀਤੀ ਜਾ ਰਹੀ ਇਹ ਮੁਹਿੰਮ ਆਉਣ ਵਾਲੇ ਸਮੇਂ ਵਿਚ ਲਗਾਤਾਰ ਜਾਰੀ ਰਹੇਗੀ ਅਤੇ ਕਾਲੋਨਾਈਜ਼ਰ ਅਤੇ ਬਿਲਡਰ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਸੀ.ਐਲ.ਯੂ. ਨਕਸ਼ਾ ਅਤੇ ਹੋਰ ਮੰਜ਼ੂਰੀਆਂ ਪ੍ਰਾਪਤ ਕਰਨ ਤੋਂ ਬਾਅਦ ਹੀ ਨਿਰਮਾਣ ਕਾਰਜ ਸ਼ੁਰੂ ਕਰਣ। ਉਹਨਾਂ ਕਿਹਾ ਕਿ ਪੁੱਡਾ ਦੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਮੁਤਾਬਿਕ ਗੈਰ-ਕਾਨੂੰਨੀ ਅਤੇ ਅਣ-ਅਧਿਕਾਰਿਤ ਉਸਾਰੀਆਂ ਕਰਨ ਵਾਲੇ ਵਿਅਕਤੀਆਂ ਅਤੇ ਕੰਪਨੀਆਂ ਖਿਲਾਫ ਜਲਦੀ ਹੀ ਕਾਨੂੰਨੀ ਕਾਰਵਾਈ ਦੀ ਸ਼ੁਰੁਆਤ ਕਰਦਿਆ ਹੋਇਆਂ ਐਫਆਈਆਰ ਦਰਜ਼ ਕਰਵਾਉਣ ਦੀ ਕਾਰਵਾਈ ਵੀ ਆਰੰਭੀ ਜਾ ਰਹੀ ਹੈ। ਸ਼੍ਰੀਮਤੀ ਕਲਸੀ ਨੇ ਆਮ ਜਨਤਾ ਨੂੰ ਇਕ ਵਾਰ ਫਿਰ ਅਪੀਲ ਕੀਤੀ ਕਿ ਉਹ ਆਪਣੀ ਮਿਹਨਤ ਦੀ ਕਮਾਈ ਸਿਰਫ ਮੌਜੂਰਸ਼ੁਦਾ ਕਾਲੋਨੀਆ ਵਿਚ ਹੀ ਲਗਾਉਣ ਤਾਂ ਕਿ ਖੁੱਲੀਆਂ ਸੜਕਾਂ, ਪਾਰਕਾਂ, ਸਾਫ ਪਾਣੀ ਅਤੇ ਸੀਵਰੇਜ਼ ਆਦਿ ਦੀ ਸਹੂਲਿਅਤ ਪ੍ਰਾਪਤ ਕਰਦੇ ਹੋਏ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਸਕੂਨ ਭਰਿਆ ਜੀਵਨ ਬਤੀਤ ਕਰ ਸਕਣ।
ਇਸ ਮੌਕੇ ਪੁੱਡਾ ਦੇ ਐਸਡੀਓ ਪ੍ਰਿਤਪਾਲ ਸਿੰਘ, ਜਗਬੀਰ ਸਿੰਘ, ਦਵਿੰਦਰ ਸਿੰਘ ਸੈਣੀ, ਗੁਰਜੈਪਾਲ ਸਿੰਘ, ਜੋਰਾਵਰ ਸਿੰਘ, ਨਵਨੀਤ ਸਿੰਘ, ਮਨਦੀਪ ਲਾਲ, ਗੁਰਸਿਮਰਨ ਸਿੰਘ ਅਤੇ ਹਰਦੀਪ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿਚ ਪੁੱਡਾ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।























