ਆਈਪੀਐਲ-2022
ਰਾਜਸਥਾਨ ਰਾਇਲਜ਼ ਨੇ ਆਰਸੀਬੀ ਨੂੰ ਹਰਾ ਕੇ 14 ਸਾਲਾਂ ਬਾਅਦ ਕੀਤਾ ਫਾਈਨਲ ‘ਚ ਪ੍ਰਵੇਸ਼
ਚੰਡੀਗੜ੍ਹ, 28 ਮਈ (ਵਿਸ਼ਵ ਵਾਰਤਾ) ਸੰਜੂ ਸੈਮਸਨ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਜ਼ ਨੇ ਸ਼ੁੱਕਰਵਾਰ ਰਾਤ ਨੂੰ ਫਾਫ ਡੂ ਪਲੇਸਿਸ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਕੁਆਲੀਫਾਇਰ 2 ਵਿੱਚ 7 ਵਿਕਟਾਂ ਨਾਲ ਹਰਾਇਆ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਆਰਆਰ ਨੇ 14 ਸਾਲ ਬਾਅਦ ਆਈਪੀਐਲ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।ਹੁਣ 29 ਮਈ ਨੂੰ ਅਹਿਮਦਾਬਾਦ ਵਿੱਚ ਰਾਜਸਥਾਨ ਅਤੇ ਗੁਜਰਾਤ ਵਿਚਾਲੇ ਖ਼ਿਤਾਬੀ ਮੁਕਾਬਲਾ ਹੋਵੇਗਾ। ਰਾਜਸਥਾਨ ਦੀ ਟੀਮ 14 ਸਾਲ ਬਾਅਦ ਆਈਪੀਐਲ ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ 2008 ਵਿੱਚ ਮਰਹੂਮ ਕ੍ਰਿਕਟਰ ਸ਼ੇਨ ਵਾਰਨ ਦੀ ਕਪਤਾਨੀ ਵਿੱਚ ਟੀਮ ਨੇ ਖ਼ਿਤਾਬ ਜਿੱਤਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ ਪਾਟੀਦਾਰ ਦੇ ਅਰਧ ਸੈਂਕੜੇ ਦੇ ਦਮ ‘ਤੇ ਰਾਜਸਥਾਨ ਦੇ ਸਾਹਮਣੇ ਜਿੱਤ ਲਈ 158 ਦੌੜਾਂ ਦਾ ਟੀਚਾ ਰੱਖਿਆ ਸੀ। ਆਰਆਰ ਨੇ ਇਹ ਸਕੋਰ 11 ਗੇਂਦਾਂ ਬਾਕੀ ਰਹਿੰਦਿਆਂ ਤਿੰਨ ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਰਾਜਸਥਾਨ ਲਈ ਜੋਸ ਬਟਲਰ ਨੇ 60 ਗੇਂਦਾਂ ‘ਤੇ 10 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 106 ਦੌੜਾਂ ਦੀ ਅਜੇਤੂ ਪਾਰੀ ਖੇਡੀ।























