ਚੰਡੀਗੜ੍ਹ, 26 ਮਾਰਚ (ਵਿਸ਼ਵ ਵਾਰਤਾ) : ”ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਖਾਸ ਕਰਕੇ ਸਮਾਰਟ ਸਿਟੀ ਪ੍ਰੋਜੈਕਟਾਂ ਉੱਤੇ ਵਿਸ਼ੇਸ਼ ਧਿਆਨ ਦੇ ਕੇ ਢਾਂਚਾਗਤ ਸੁਧਾਰ ਰਾਹੀਂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵੱਲ ਧਿਆਨ ਕੇਂਦਰਿਤ ਕੀਤਾ ਹੈ।”
ਇਹ ਜਾਣਕਾਰੀ ਅੱਜ ਇਥੇ ਸਮਾਰਟ ਸਿਟੀ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਸਬੰਧੀ ਹੋਈ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਤਹਿਤ 1000 ਕਰੋੜ ਰੁਪਏ ਦੇ ਪ੍ਰੋਜੈਕਟਾਂ ਉੱਤੇ ਕੰਮ ਜਾਰੀ ਹੈ ਜਿਸ ਵਿਚੋਂ 500 ਕਰੋੜ ਦੀ ਰਕਮ ਹਾਲ ਹੀ ਵਿੱਚ ਪੇਸ਼ ਕੀਤੇ ਬਜਟ ਵਿੱਚ ਰੱਖੀ ਗਈ ਹੈ ਅਤੇ ਇੰਨੀ ਹੀ ਰਕਮ ਕੇਂਦਰ ਸਰਕਾਰ ਵਲੋਂ ਬਣਦੇ ਹਿੱਸੇ ਵਜੋਂ ਪਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਹੀ ਹੈ ਜਿਸ ਨੇ ਸਮਾਰਟ ਸਿਟੀ ਦੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਉਣ ਵੱਲ ਉਚੇਚਾ ਧਿਆਨ ਦਿੰਦੇ ਹੋਏ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਕੰਮ ਸ਼ੁਰੂ ਕਰਵਾ ਦਿੱਤੇ ਹਨ।
ਬੀਤੀ ਅਕਾਲੀ-ਭਾਜਪਾ ਸਰਕਾਰ ‘ਤੇ ਵਰ੍ਹਦੇ ਹੋਏ ਸ. ਸਿੱਧੂ ਨੇ ਖੁਲਾਸਾ ਕੀਤਾ ਕਿ ਬੀਤੀ ਸਰਕਾਰ ਦੀ ਸਮਾਰਟ ਸਿਟੀ ਪ੍ਰੋਜੈਕਟਾਂ ਬਾਰੇ ਸੰਜੀਦਗੀ ਦਾ ਇਸੇ ਤੋਂ ਪਤਾ ਲਗਦਾ ਹੈ ਕਿ ਉਸ ਵਲੋਂ ਸੂਬੇ ਦੇ ਹਿੱਸੇ ਦੇ 200 ਕਰੋੜ ਰੁਪਏ ਦੀ ਰਕਮ ਵਿਚੋਂ ਮਹਿਜ਼ 32 ਕਰੋੜ ਰੁਪਏ ਦੀ ਰਕਮ ਹੀ ਖਰਚ ਕੀਤੀ ਗਈ। ਸ. ਸਿੱਧੂ ਨੇ ਅੱਗੇ ਕਿਹਾ ਕਿ ਇਹ ਮੌਜੂਦਾ ਸਰਕਾਰ ਹੀ ਹੈ ਜਿਸ ਨੇ ਸੂਬੇ ਵਿੱਚ ਸ਼ਹਿਰੀ ਢਾਂਚੇ ਵਿੱਚ ਸਰਬ-ਪੱਖੀ ਸੁਧਾਰ ਲਿਆਉਣ ਦਾ ਅਹਿਦ ਕਰਦੇ ਹੋਏ ਇਸ ਦਿਸ਼ਾ ਵੱਲ ਸਾਰਥਕ ਕਦਮ ਚੁੱਕੇ ਹਨ ਅਤੇ ਸਮਾਰਟ ਸਿਟੀ ਪ੍ਰੋਜੈਕਟਾਂ ਨੂੰ ਨਵੀਂ ਉਡਾਣ ਬਖਸ਼ੀ ਹੈ।
ਅੰਮ੍ਰਿਤਸਰ ਨਾਲ ਸਬੰਧਿਤ ਪ੍ਰੋਜੈਕਟਾਂ ਬਾਰੇ ਸ. ਸਿੱਧੂ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਗੁਰੂ ਕੀ ਨਗਰੀ ਦੇ ਢਾਂਚਾਗਤ ਵਿਕਾਸ ਲਈ 50 ਕਰੋੜ ਰੁਪਏ ਦੇ ਪ੍ਰੋਜੈਕਟ ਆਰੰਭੇ ਜਾਣਗੇ ਜਿਨ੍ਹਾਂ ਵਿੱਚ ਵਿਸ਼ੇਸ਼ ਧਿਆਨ ਕੈਰੋਂ ਮਾਰਕਿਟ ਵਿਖੇ ਬਹੁ-ਪੱਧਰੀ ਕਾਰ-ਪਾਰਕਿੰਗ, 500 ਕਾਰਾਂ ਦੀ ਪਾਰਕਿੰਗ ਲਈ ਸਮਰੱਥਾ ਵਾਲੀ ਤੇ ਜਿਸ ਨਾਲ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਦਾ ਢੁਕਵਾਂ ਹੱਲ ਨਿਕਲੇਗਾ, ਸੀਸੀਟੀਵੀ, ਸਮਾਰਟ ਸੜਕਾਂ ਤੇ ਪਾਰਕਾਂ ਦਾ ਵਿਕਾਸ ਅਤੇ ਐਲ.ਈ.ਡੀ. ਸਟਰੀਟ ਲਾਈਟਿੰਗ ਵੱਲ ਕੇਂਦਰਿਤ ਕੀਤਾ ਜਾਵੇਗਾ। ਉਨ੍ਹਾਂ ਅਗਾਂਹ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਦੇ ਰੇਲ ਮੰਤਰਾਲੇ ਦੀ ਮਾਲਕੀ ਵਾਲੀ ‘ਰਾਈਟਸ ਕੰਪਨੀ’ ਨੂੰ ਕੰਸਲਟੈਂਸੀ ਹਿੱਤ 5 ਪੁਲ ਸੌਂਪ ਦਿੱਤੇ ਗਏ ਹਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਆਪਣੇ ਪ੍ਰਤੀਬੱਧਤਾ ਦੁਹਰਾਈ ਕਿ ਸੂਬੇ ਵਿੱਚ ਸ਼ਹਿਰੀ ਵਿਕਾਸ ਖੇਤਰ ਦਾ ਆਧਾਰ ਇਸ ਕਦਰ ਮਜ਼ਬੂਤ ਕੀਤਾ ਜਾਵੇਗਾ ਕਿ ਇਸ ਨਾਲ ਸਮਾਰਟ ਸਿਟੀ ਪ੍ਰੋਜੈਕਟਾਂ ਨੂੰ ਹੁਲਾਰਾ ਤਾਂ ਮਿਲੇਗਾ ਹੀ ਸਗੋਂ ਇਸ ਖੇਤਰ ਵਿੱਚ ਪੰਜਾਬ ਮੋਹਰੀ ਸੂਬਿਆਂ ਵਿੱਚ ਸ਼ੁਮਾਰ ਹੋਵੇਗਾ ਅਤੇ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਹੋਵੇਗਾ।
ਇਸ ਮੌਕੇ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ, ਅੰਮ੍ਰਿਤਸਰ ਉੱਤਰੀ ਹਲਕੇ ਤੋਂ ਵਿਧਾਇਕ ਸ੍ਰੀ ਸੁਨੀਲ ਦੱਤੀ, ਅੰਮ੍ਰਿਤਸਰ ਸੈਂਟਰਲ ਹਲਕੇ ਤੋਂ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ, ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੀ ਮੁੱਖ ਕਾਰਜਕਾਰੀ ਅਧਿਕਾਰੀ ਤੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਦੀਪਤੀ ਉੱਪਲ ਵੀ ਮੌਜੂਦ ਸਨ।