ਕੇ.ਸੀ. ਕਾਲਜ ਵਿਖੇ ਲਕਸ਼ ਮੁਹਿੰਮ ਦੀ ਸ਼ੁਰੂਆਤ
ਲਕਸ਼ ਮੁਹਿੰਮ ਦਾ ਮਕਸਦ ਯੁਵਾਵਾਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਿੱਚ ਮੱਦਦ ਕਰਨਾ-ਅਮਿਤ ਸਰੀਨ
ਨਵਾਂਸ਼ਹਿਰ, 02 ਮਈ(ਵਿਸ਼ਵ ਵਾਰਤਾ)-ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਅਰਬਨ ਡਿਵੈੱਲਪਲਮੈਂਟ) ਮੇਜਰ ਅਮਿਤ ਸਰੀਨ ਪੀ.ਸੀ.ਐਸ ਜੀ ਦੀ ਅਗਵਾਈ ਵਿੱਚ ਜਿਲੇ ਦੇ ਬੇਰੋਜਗਾਰ ਪ੍ਰਤਿਯੋਗੀਆਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਿੱਚ ਮੱਦਦ ਲਈ ਲਕਸ਼ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਫ੍ਰੀ ਕੋਚਿੰਗ ਕਲਾਸਾਂ ਅੱਜ ਕੇ.ਸੀ. ਕਾਲਜ ਵਿਖੇ ਸ਼ੁਰੂ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਇਸ ਮਿਸ਼ਨ ਲਕਸ਼ ਦਾ ਮਕਸਦ ਯੁਵਾਵਾਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਿੱਚ ਮੱਦਦ ਕਰਨਾ ਹੈ। ਜਿਲਾ ਰੋਜਗਾਰ ਅਫਸਰ ਸੰਜੀਵ ਕੁਮਾਰ ਨੇ ਮਿਸ਼ਨ ਲਕਸ਼ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਭਵਿੱਖ ਵਿਚ ਵੱਖੋ ਵੱਖ ਵਿਭਾਗਾਂ ਵਲੋਂ ਸਰਕਾਰੀ ਨੌਕਰੀਆਂ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਹਨ, ਜਿਹਨਾਂ ਦੇ ਲਈ ਹੋਣ ਵਾਲੇ ਇਮਤਿਹਾਨਾਂ ਦੀ ਤਿਆਰੀ ਲਈ ਇਹ ਮਿਸ਼ਨ ਚਲਾਇਆ ਗਿਆ ਹੈ, ਤਾਂ ਕਿ ਵੱਧ ਤੋ ਵੱਧ ਯੁਵਾਵਾਂ ਨੂੰ ਸਰਕਾਰੀ ਨੌਕਰੀ ਮਿਲ ਸਕੇ ਤੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ। ਇਹ ਕੋਚਿੰਗ ਕਲਾਸਾਂ 60 ਦਿਨਾ ਲਈ ਕੇ.ਸੀ ਕਾਲਜ ਨਵਾਂਸ਼ਹਿਰ ਵਿਖੇ ਲਗਾਈਆਂ ਜਾ ਰਹੀਆਂ ਹਨ। ਇਹਨਾਂ ਕੋਚਿੰਗ ਕਲਾਸਾਂ ਵਿੱਚ ਕੇਸੀ ਕਾਲਜ ਦੇ ਸਟਾਫ ਡਾ. ਸ਼ਬਨਮ, ਅੰਕੁਸ਼ ਨਿਝਾਵਨ, ਪ੍ਰਭਜੋਤ ਸਿੰਘ, ਬਲਵੰਤ ਰਾਏ, ਰਮਨਦੀਪ ਕੌਰ, ਅਕਸ਼ੈ ਰਾਣਾ, ਦਲਵੀਰ ਕੌਰ ਦਾ ਸਹਿਯੋਗ ਲਿਆ ਜਾ ਰਿਹਾ ਹੈ। ਇਸ ਮੌਕੇ ਤੇ ਜਿਲਾ ਰੋਜਗਾਰ ਅਤੇ ਕਾਰੋਬਾਰ ਬਉਰੋ ਨਵਾਂਸ਼ਹਿਰ ਦੇ ਕਰਿਅਰ ਕੌਂਸਲਰ ਹਰਮਨਦੀਪ ਸਿੰਘ ਵਲੋਂ ਜਿਲਾ ਰੋਜਗਾਰ ਅਤੇ ਕਾਰੋਬਾਰ ਬਊਰੋ ਵਿਖੇ ਮਿਲਣ ਵਾਲੀਆਂ ਸੁਵਿਧਾਵਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਪ੍ਰਾਰਥੀ ਨੂੰ ਕਿਹਾ ਕਿ ਹਰ ਰੋਜਗਾਰ ਪ੍ਰਾਪਤ ਕਰਨ ਵਾਲੇ ਨੂੰ ਪਹਿਲਾ ਆਪਣਾ ਰੋਜਗਾਰ ਦਫਤਰ ਵਿਖੇ ਨਾਮ ਦਰਜ ਕਰਵਾਉਣਾ ਬਹੁਤ ਜਰੂਰੀ ਹੈ। ਪਲੈਸਮੈਂਟ ਅਫਸਰ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਰਜਿਸਟ੍ਰੇਸ਼ਨ ਲਈ ਪ੍ਰਾਰਥੀ ਆਪਣਾ ਦਸਵੀਂ, ਉੱਚ ਸਿੱਖਿਆ ਸਰਟੀਫਿਕੇਟ, ਆਧਾਰ ਕਾਰਡ, ਕਾਸਟ ਸਰਟੀਫਿਕੇਟ ਕਿਸੇ ਵੀ ਕੰਮ ਕਾਜ ਵਾਲੇ ਦਿਨ ਸਵੇਰੇ 9 ਤੋਂ 5 ਵਜੇ ਤਕ ਜਮਾ ਕਰਵਾ ਸਕਦੇ ਹਨ।























