ਫਿਰੋਜਪੁਰ, 23 ਮਾਰਚ (ਵਿਸ਼ਵ ਵਾਰਤਾ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੌਮੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰਨ, ਰਾਜ ਦੀ ਏਕਤਾ ਅਖੰਡਤਾ ਦੀ ਕਾਇਮੀ ਅਤੇ ਰਾਜ ਵਿਚੋਂ ਨਸ਼ਾਖੋਰੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰ ਆਦਿ ਦੇ ਖ਼ਾਤਮੇ ਲਈ ਪਿਛਲੇ ਇਕ ਸਾਲ ਤੋਂ ਵੱਡੇ ਯਤਨ ਕੀਤੇ ਜਾ ਰਹੇ ਹਨ ਅਤੇ ਸਰਕਾਰ ਨੂੰ ਇਨ੍ਹਾਂ ਕੰਮਾਂ ਵਿਚ ਲੋਕਾਂ ਦੇ ਸਹਿਯੋਗ ਨਾਲ ਵੱਡੀ ਸਫਲਤਾ ਹਾਸਲ ਹੋ ਰਹੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਖਜਾਨਾ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦਾਂ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਰਾਜ ਮਾਤਾ ਵਿਦਿਆ ਵਤੀ ਅਤੇ ਬੀ.ਕੇ ਦੱਤ ਦੀਆਂ ਸਮਾਧਾਂ ਤੇ ਪੰਜਾਬ ਸਰਕਾਰ ਵੱਲੋਂ ਸ਼ਰਧਾ ਦੇ ਫੁਲ ਭੇਟ ਕਰਨ ਉਪਰੰਤ ਸ਼ਹੀਦਾਂ ਨੂੰ ਸਮਰਪਿਤ ਰਾਜ ਪੱਧਰੀ ਸ਼ਹੀਦੀ ਦਿਵਸ ਨੂੰ ਯੁਵਾ ਸਸ਼ਕਤੀਕਰਨ ਦਿਵਸ ਮਨਾਉਣ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਫ਼ਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ, ਸ਼੍ਰੀਮਤੀ ਸਤਿਕਾਰ ਕੌਰ ਗਹਿਰੀ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਅਤੇ ਸ੍ਰ: ਕੁਲਬੀਰ ਸਿੰਘ ਜ਼ੀਰਾ ਵਿਧਾਇਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ;
ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਸ੍ਰ: ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਕੋਮਾ ਇਤਿਹਾਸ ਵਿਚ ਹਾਸ਼ੀਏ ਤੇ ਚਲੀਆਂ ਜਾਂਦੀਆਂ ਹਨ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਤੇ ਵਿਰਾਸਤ ਨੂੰ ਭੁੱਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਜਿੱਥੇ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਸਾਭ ਸੰਭਾਲ ਤੇ ਤਰੱਕੀ ਲਈ ਕੰਮ ਕੀਤਾ ਜਾ ਰਿਹਾ ਹੈ ਉੱਥੇ ਸ਼ਹੀਦਾਂ ਵੱਲੋਂ ਬੇਰੁਜ਼ਗਾਰੀ ਅਨਪੜ੍ਹਤਾ, ਭ੍ਰਿਸ਼ਟਾਚਾਰ ਤੇ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਰਾਜ ਵਿਚੋਂ ਬੇਰੁਜ਼ਗਾਰੀ ਦੁਰ ਕਰਨ ਲਈ ਨੌਜਵਾਨਾਂ ਨੂੰ ਜਿੱਥੇ ਨੌਕਰੀਆਂ ਤੇ ਸਵੈ-ਰੁਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਰਾਜ ਵਿਚ ਭ੍ਰਿਸ਼ਟਾਚਾਰੀ ਨੂੰ ਦੁਰ ਕਰਨ ਲਈ ਵੱਡੇ ਕਦਮ ਚੁਕੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੀ ਨਸ਼ਾਖੋਰੀ ਨੂੰ ਜੜ ਤੋਂ ਖ਼ਤਮ ਕਰਨ ਲਈ ਜਿੱਥੇ ਨਸ਼ਾ ਤਸਕਰਾਂ ਦੀ ਸਪਲਾਈ ਲਾਈਨ ਤੋੜੀ ਗਈ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਅੱਜ ਦੇ ਸ਼ਹੀਦੀ ਦਿਹਾੜੇ ਨੂੰ ਯੁਵਾ ਸਸ਼ਕਤੀਕਰਨ ਵਜੋਂ ਰਾਜ ਦੇ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ ਹੈ ਜਿਸ ਤਹਿਤ ਪਿੰਡ, ਮੁਹੱਲਾ, ਸਭ ਡਵੀਜ਼ਨ ਅਤੇ ਜ਼ਿਲ੍ਹਾ ਪੱਧਰ ਤੇ ਡੈਪੋ (ਨਸ਼ਾ ਵਿਰੋਧੀ ਕਮੇਟੀਆਂ) ਬਣਾਈਆਂ ਗਈਆਂ ਹਨ, ਇਹ ਕਮੇਟੀਆਂ ਹੇਠਲੇ ਪੱਧਰ ਤੇ ਪੁਲਸ ਤੇ ਸਿਵਲ ਪ੍ਰਸ਼ਾਸਨ ਨੂੰ ਸਹਿਯੋਗ ਦੇਣਗੇ ਅਤੇ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆ ਕੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਤਲਾਸ਼ਨ ਵਿਚ ਸਰਕਾਰ ਤੇ ਪ੍ਰਸ਼ਾਸਨ ਦੀ ਮਦਦ ਕਰਨਗੇ।
ਖਜਾਨਾ ਮੰਤਰੀ ਸ੍ਰ ਮਨਪ੍ਰੀਤ ਸਿੰਘ ਬਾਦਲ ਨੇ ਅਗੇ ਕਿਹਾ ਕਿ ਕੱਲ੍ਹ ਨੂੰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾਣ ਵਾਲਾ ਬਜਟ ਪੂਰੀ ਤਰ੍ਹਾਂ ਲੋਕ ਪੱਖੀ ਤੇ ਪੰਜਾਬ ਪੱਖੀ ਹੋਵੇਗਾ ਤੇ ਇਹ ਬਜਟ ਸਰਹੱਦੀ ਖੇਤਰ, ਕਿਸਾਨਾਂ, ਮਜ਼ਦੂਰਾਂ, ਗ਼ਰੀਬਾਂ, ਵਪਾਰੀ, ਮੁਲਾਜ਼ਮਾਂ ਸਮੇਤ ਰਾਜ ਦੇ ਹਰ ਵਰਗ ਲਈ ਲਾਹੇਵੰਦ ਅਤੇ ਦੂਰਗਾਮੀ ਸਾਬਤ ਹੋਵੇਗਾ। ਉਨ੍ਹਾਂ ਸ਼ਹੀਦਾਂ ਦੇ ਸਾਥੀ ਰਹੇ ਸ਼੍ਰੀ ਬੀ.ਕੇ ਦੱਤ ਦੀ ਸਪੁੱਤਰੀ ਡਾ: ਭਾਰਤੀ ਦੱਤ ਬਾਗਚੀ ਦੇ ਸ਼ਹੀਦੀ ਸਮਾਰਕ ਤੇ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਪੂਰਾ ਮਾਨ ਸਤਿਕਾਰ ਕਰਦੀ ਹੈ ਕਿਉਂਕਿ ਆਜ਼ਾਦੀ ਪ੍ਰਾਪਤੀ ਵਿਚ ਸ਼ਹੀਦਾਂ ਦੇ ਪਰਿਵਾਰਾਂ ਦਾ ਵੀ ਵੱਡਾ ਯੋਗਦਾਨ ਹੈ। ਇਸ ਮੌਕੇ ਉਨ੍ਹਾਂ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ੍ਰ; ਪਰਮਿੰਦਰ ਸਿੰਘ ਪਿੰਕੀ ਵੱਲੋਂ ਉਠਾਈਆਂ ਸਾਰੀਆਂ ਮੰਗਾਂ ਨੂੰ ਜਿਨ੍ਹਾਂ ਵਿਚ ਸਰਹੱਦੀ ਖੇਤਰ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਲਈ 1 ਕਰੋੜ ਰੁਪਏ, ਸ਼ਹਿਰ ਦੇ ਪਾਰਕ ਲਈ 50 ਲਖ ਰੁਪਏ ਅਤੇ ਪੁਲਿਸ ਲਾਈਨ ਵਿਚ ਜਿੰਮ ਲਈ 25 ਲਖ ਰੁਪਏ ਅਤੇ ਐਂਬੂਲੈਂਸ ਲਈ 20 ਲਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਰਕ ਦੇ ਵਿਕਾਸ ਲਈ ਵੀ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਫ਼ੰਡ ਜਾਰੀ ਕੀਤੇ ਜਾਣਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਮੁੱਖ ਮਹਿਮਾਨ ਤੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸ਼ਹੀਦੀ ਸਮਾਗਮ ਨੂੰ ਯੁਵਾ ਸਸ਼ਕਤੀਕਰਨ ਵੱਜੋ ਮਨਾਉਣ ਦੇ ਫ਼ੈਸਲੇ ਦੀ ਸਰਾਹਨਾ ਕੀਤੀ ਤੇ ਕਿਹਾ ਕਿ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਉਸਾਰੂ ਸਿੱਟੇ ਨਿਕਲ਼ਨਗੇ। ਪੰਜਾਬ ਦੀ ਕੁਰਾਹੇ ਪਈ ਜਵਾਨੀ ਨੂੰ ਨਵੀਂ ਸੇਧ ਮਿਲੇਗੀ। ਉਨ੍ਹਾਂ ਇਸ ਮੌਕੇ ਖਜਾਨਾ ਮੰਤਰੀ ਨੂੰ ਸਰਹੱਦੀ ਖੇਤਰ ਦੇ ਲੋਕਾਂ ਅਤੇ ਫਿਰੋਜ਼ਪੁਰ ਵਾਸੀਆਂ ਦੀਆ ਚਰੋਕਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਅਤੇ ਖਜਾਨਾ ਮੰਤਰੀ ਵੱਲੋਂ ਉਨ੍ਹਾਂ ਨੂੰ ਪ੍ਰਵਾਨ ਕਰਨ ਤੇ ਧੰਨਵਾਦ ਕੀਤਾ।
ਸਮਾਗਮ ਨੂੰ ਵਿਧਾਇਕ ਸ੍ਰ: ਕੁਲਬੀਰ ਸਿੰਘ ਜ਼ੀਰਾ ਅਤੇ ਵਿਧਾਇਕਾ ਸ਼੍ਰੀਮਤੀ ਸਤਿਕਾਰ ਕੌਰ ਗਹਿਰੀ ਨੇ ਵੀ ਸੰਬੋਧਨ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਲੋਕ ਲਹਿਰ ਨਾਲ ਨਸ਼ਿਆਂ ਦਾ ਖ਼ਾਤਮਾ ਹੋਵੇਗਾ ਤੇ ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸ਼੍ਰੀ ਬੀ.ਕੇ ਦੱਤ ਦੀ ਸਪੁੱਤਰੀ ਡਾ: ਭਾਰਤੀ ਦੱਤ ਬਾਗਚੀ ਵੱਲੋਂ ਆਪਣੇ ਸੰਬੋਧਨ ਵਿਚ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਗਏ ਅਤੇ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਦਿਵਸ ਨੂੰ ਯੁਵਾ ਸਸ਼ਕਤੀਕਰਨ ਦਿਵਸ ਵਜੋਂ ਮਨਾਉਣ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਸ ਨੂੰ ਸ਼ਹੀਦੀ ਸਮਾਰਕ ਤੇ ਆ ਕੇ ਆਤਮਿਕ ਸ਼ਾਂਤੀ ਮਿਲਦੀ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਤੇ ਸ਼ਹੀਦਾਂ ਦੇ ਸਾਥੀ ਸ਼੍ਰੀ ਬੀ.ਕੇ ਦੱਤ ਦੀ ਸਮਾਧ ਵੀ ਸ਼ਹੀਦੀ ਸਥੱਲ ਤੇ ਹੀ ਹੈ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮਿਸ਼ਨਰ ਸ਼੍ਰੀ ਸੁਮੇਰ ਸਿੰਘ ਗੁਰਜਰ ਅਤੇ ਆਈ.ਜੀ ਬਠਿੰਡਾ ਜੌਨ ਸ਼੍ਰੀ ਐਮ.ਐਮ ਛੀਨਾ ਨੇ ਨਸ਼ਿਆਂ ਵਿਰੋਧੀ ਮੁਹਿੰਮ, ਡੈਪੋ ਦੀ ਭਰਤੀ ਦੇ ਕੰਮਾਂ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮਹਿਮਾਨ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਡਾ: ਭਾਰਤੀ ਦੱਤ ਬਾਗਚੀ, ਜੰਮੂ ਕਸ਼ਮੀਰ ਵਿਖੇ ਸ਼ਹੀਦ ਹੋਏ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਠਾਕਰਾਂ ਦੇ ਸ਼ਹੀਦ ਜਗਸੀਰ ਸਿੰਘ ਦੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਟੀ.ਐਫ ਦੇ ਆਈ.ਜੀ ਸ੍ਰ: ਬਲਕਾਰ ਸਿੰਘ ਸਿੱਧੂ ਵੱਲੋਂ ਮੁਖ ਮਹਿਮਾਨ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੂੰ ਡੈਪੋ ਮੈਂਬਰ ਦਾ ਸ਼ਨਾਖ਼ਤੀ ਕਾਰਡ ਵੀ ਦਿੱਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਟਕੜ ਕਲਾਂ ਤੋਂ ਸਹੁੰ ਚੁਕਾਉਣ ਦਾ ਸਿੱਧਾ ਪ੍ਰਸਾਰਨ ਵੀ ਕੀਤਾ ਗਿਆ ਜਿਸ ਵਿਚ ਹਾਜ਼ਰੀਨ ਨੇ ਨਸ਼ਾ ਨਾ ਕਰਨ ਦੀ ਸਹੁੰ ਚੁੱਕੀ। ਪੰਜਾਬ ਦੀ ਮਸ਼ਹੂਰ ਗਾਇਕਾ ਇਮਾਨਤ ਪ੍ਰੀਤ ਕੌਰ, ਤਰਸੇਮ ਅਰਮਾਨ, ਸੁਖ ਜਿੰਦ ਅਤੇ ਗੌਰਵ ਅਨਮੋਲ ਵੱਲੋਂ ਸ਼ਹੀਦਾਂ ਤੇ ਦੇਸ਼ ਭਗਤੀ ਦੀਆਂ ਵਾਰਾਂ ਨਾਲ ਸਮਾਂ ਬੰਨ੍ਹਿਆ ਗਿਆ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ: ਚਮਕੌਰ ਸਿੰਘ ਢੀਂਡਸਾ, ਸ੍ਰ: ਰਜਿੰਦਰ ਸਿੰਘ ਡੀ.ਆਈ.ਜੀ ਫਿਰੋਜ਼ਪੁਰ ਰੇਂਜ, ਸ੍ਰ: ਪ੍ਰੀਤਮ ਸਿੰਘ ਐਸ.ਐਸ.ਪੀ ਫਿਰੋਜ਼ਪੁਰ, ਸ਼੍ਰੀ ਵਿਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਸ੍ਰ: ਹਰਜੀਤ ਸਿੰਘ ਸੰਧੂ ਐਸ.ਡੀ.ਐਮ, ਸ੍ਰ: ਰਣਜੀਤ ਸਿੰਘ ਜੀ.ਏ, ਸਾਬਕਾ ਐਮ.ਐਲ.ਏ ਗੁਰਨੈਬ ਸਿੰਘ ਬਰਾੜ, ਕਾਂਗਰਸੀ ਆਗੂ ਸ੍ਰ: ਹਰਿੰਦਰ ਸਿੰਘ ਖੋਸਾ, ਸ਼੍ਰੀ ਬਿੱਟੂ ਸਾਂਘਾ, ਐਡਵੋਕੇਟ ਗੁਲਸ਼ਨ ਮੌਗਾ, ਸ਼੍ਰੀ ਬਲਵੀਰ ਬਾਠ, ਦਲਜੀਤ ਸਿੰਘ ਦੁਲਚੀ ਕੇ, ਰਿੰਕੂ ਗਰੋਵਰ, ਸੁਰਜੀਤ ਸਿੰਘ ਸੇਠੀ, ਅਜੇ ਜੋਸ਼ੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਤੇ ਮੁੱਖ ਸ਼ਖ਼ਸੀਅਤਾਂ ਤੇ ਜ਼ਿਲ੍ਹਾ ਵਾਸੀ ਹਾਜ਼ਰ ਸਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਅੰਤਰਰਾਸ਼ਟਰੀ ਏਅਰਪੋਰਟ ਅਤੇ ਇਸ ਦੇ ਆਲੇ ਦੁਆਲੇ 5 ਕਿਲੋਮੀਟਰ ਦੇ ਘੇਰੇ ਨੂੰ ਨੋ-ਡਰੋਨ ਅਤੇ ਨੋ-ਫਲਾਇੰਗ ਜੋਨ ਘੋਸ਼ਿਤ ਕੀਤਾ
ਜ਼ਿਲ੍ਹਾ ਮੈਜਿਸਟ੍ਰੇਟ ਨੇ ਅੰਤਰਰਾਸ਼ਟਰੀ ਏਅਰਪੋਰਟ ਅਤੇ ਇਸ ਦੇ ਆਲੇ ਦੁਆਲੇ 5 ਕਿਲੋਮੀਟਰ ਦੇ ਘੇਰੇ ਨੂੰ ਨੋ-ਡਰੋਨ ਅਤੇ ਨੋ-ਫਲਾਇੰਗ ਜੋਨ...