ਨਿਰਪੱਖ ਔਸਤ ਗੁਣਵੱਤਾ ਦਾ ਬਹਾਨਾ ਬਣਾ ਕੇ ਐਫ ਸੀ ਆਈ ਕਣਕ ਖੑੀਦਣ ਤੋਂ ਹੱਥ ਖਿੱਚਣ ਲੱਗੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲਿਆ ਗੰਭੀਰ ਨੋਟਿਸ

ਚੰਡੀਗੜ੍ਹ 12 ਅਪ੍ਰੈਲ (ਵਿਸ਼ਵ ਵਾਰਤਾ);-ਨਿਰਪੱਖ ਔਸਤ ਗੁਣਵੱਤਾ ਦਾ ਬਹਾਨਾ ਬਣਾ ਕੇ ਐਫ ਸੀ ਆਈ ਕਣਕ ਖੑੀਦਣ ਤੋਂ ਹੱਥ ਖਿੱਚਣ ਦੀ ਤਾਕ ਵਿੱਚ ਹੈ। ਐਫ ਸੀ ਆਈ ਨੇ ਪੰਜਾਬ ਅੰਦਰ ਹੁਣ ਤੱਕ ਮੰਡੀਆਂ ਵਿੱਚ ਖੑੀਦ ਕੀਤੀ ਕਣਕ ਨੂੰ ਨਾਂ ਚੁੱਕਣ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਐਫ ਸੀ ਆਈ ਦੇ ਇਸ ਕਿਸਾਨ ਵਿਰੋਧੀ ਫੈਸਲੇ ਦਾ ਗੰਭੀਰ ਨੋਟਿਸ ਲਿਆ ਹੈ। ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪੑਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ,ਸੀਨੀਅਰ ਮੀਤ ਪੑਧਾਨ ਮਨਜੀਤ ਧਨੇਰ ਨੇ ਪੑੈੱਸ ਬਿਆਨ ਜਾਰੀ ਕਰਕੇ ਕਿਹਾ ਕਿ ਮਾਰਚ ਮਹੀਨੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਣ ਨਾਲ ਕਣਕ ਦਾ ਦਾਣਾ ਮਾਜੂ ਪੈ ਗਿਆ ਹੈ। ਜਿਸ ਕਰਕੇ ਕਣਕ ਦਾ ਝਾੜ ਝਾੜ ਦਸ ਤੋਂ ਪੰਦਰਾਂ ਮਣ ਪ੍ਰਤੀ ਏਕੜ ਘੱਟ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਆਰਥਿਕ ਸੱਟ ਵੱਜੀ ਹੈ ਕਿਉਂਕਿ ਕਿਸਾਨ ਪਹਿਲਾਂ ਹੀ ਸਮੇਂ ਸਮੇਂ ਦੀਆਂ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਵਿਰੋਧੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਾਰਨ ਕਿਸਾਨ ਬੁਰੀ ਤਰ੍ਹਾਂ ਕਰਜ਼ੇ ਦੇ ਸੰਕਟ ਫਸਿਆ ਹੋਇਆ ਹਰ ਰੋਜ਼ ਖ਼ੁਦਕਸ਼ੀਆਂ ਕਰ ਰਿਹਾ ਹੈ ਕਣਕ ਦਾ ਝਾੜ ਘਟਣ ਵਿੱਚ ਕਿਸਾਨਾਂ ਦਾ ਕੋਈ ਦੋਸ਼ ਨਹੀਂ ਕਿਸਾਨਾਂ ਨੇ ਬਹੁਤ ਮਿਹਨਤ ਕੀਤੀ ਸੀ । ਸਮੇਂ ਤੋਂ ਪਹਿਲਾਂ ਜ਼ਿਆਦਾ ਗਰਮੀ ਪੈਣ ਨਾਲ ਇਹ ਝਾੜ ਕੁਦਰਤੀ ਕਰੋਪੀ ਕਾਰਨ ਘਟਿਆ ਹੈ । ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਕਰੋਪੀ ਨਾਲ ਹੋਏ ਕਣਕ ਦੇ ਨੁਕਸਾਨ ਦਾ ਮੁਆਵਜ਼ਾ ਘੱਟੋ ਘੱਟ 300 ਰੁਪਏ ਪ੍ਰਤੀ ਕੁਇੰਟਲ ਤੁਰੰਤ ਦਿੱਤਾ ਜਾਵੇ। ਜਥੇਬੰਦੀ ਦੇ ਆਗੂਆਂ ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ,ਰਾਮ ਸਿੰਘ ਮਟੋਰੜਾ, ਬਲਵੰਤ ਸਿੰਘ ਉੁੱਪਲੀ ਅਤੇ ਕੁਲਵੰਤ ਸਿੰਘ ਕਿਸ਼ਨਗੜੵ ਨੇ ਕਿਹਾ ਕਿ ਐਸ ਸੀ ਆਈ ਵੱਲੋਂ ਮੜੀਆਂ ਸ਼ਰਤਾਂ ਨੂੰ ਕਿਸੇ ਵੀ ਸੂਰਤ ਵਿੱਚ ਪੑਵਾਨ ਨਹੀਂ ਕੀਤਾ ਜਾਵੇਗਾ। ਅਜਿਹਾ ਨਾਂ ਹੋਣ ਦੀ ਸੂਰਤ ਵਿੱਚ ਸਾਡੀ ਜਥੇਬੰਦੀ ਹੋਰਨਾਂ ਜਥੇਬੰਦੀਆਂ ਨੂੰ ਨਾਲ ਲੈਕੇ ਕੇਂਦਰ ਸਰਕਾਰ ਖਿਲਾਫ਼ ਸੜਕਾਂ ਜਾਮ ਕਰਨ ਵਰਗਾ ਤਿੱਖਾ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਉਹ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਫੈਸਲੇ ਨੂੰ ਰੱਦ ਕਰਾਉਣ ਲਈ ਤਰਜੀਹੀ ਕਦਮ ਚੁੱਕੇ।11 ਅਪੑੈਲ ਤੋਂ 17 ਅਪੑੈਲ ਤੱਕ ਮਨਾਏ ਜਾ ਐਮ ਐਸ ਪੀ ਹਫਤੇ ਦੌਰਾਨ ਕੇਂਦਰ ਸਰਕਾਰ ਦੇ ਇਸ ਫੈਸਲੇ ਖਿਲਾਫ਼ ਜੋਰ ਨਾਲ ਉਭਾਰਿਆ ਜਾਵੇਗਾ।