ਆਟੋ ਤੇ ਕੈਬ ਡਰਾਈਵਰ ਅੱਜ ਟਰਾਈਸਿਟੀ ਵਿਚ ਕਰਨਗੇ ਚੱਕਾ ਜਾਮ
ਪੜ੍ਹੋ, ਕੀ ਹੈ ਕਾਰਨ
ਚੰਡੀਗੜ੍ਹ, 12ਅਪ੍ਰੈਲ(ਵਿਸ਼ਵ ਵਾਰਤਾ)- ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਵਿੱਚ ਅੱਜ ਕੈਬ ਆਟੋ ਸੰਯੁਕਤ ਮੋਰਚੇ ਨੇ ਟਰਾਈਸਿਟੀ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਫਰੰਟ ਦੇ ਅਧਿਕਾਰੀਆਂ ਨੇ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਆਟੋ ਕੈਬ ਚਾਲਕਾਂ ਦਾ ਕਹਿਣਾ ਹੈ ਕਿ ਪੈਟਰੋਲ, ਡੀਜ਼ਲ ਤੇ ਸੀਐਨਜੀ ਦੇ ਰੇਟ ਵਧਣ ਕਾਰਨ ਉਨ੍ਹਾਂ ਨੂੰ ਪਰਿਵਾਰ ਪਾਲਣੇ ਔਖੇ ਹੋ ਗਏ ਹਨ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਏ ਦਿਨ ਆਟੋ-ਕੈਬ ਦੇ ਰੇਟ ਵਧਾਉਣ ਦਾ ਨੋਟੀਫਿਕੇਸ਼ਨ ਤਾਂ ਕੱਢ ਦਿੰਦਾ ਹੈ, ਪਰ ਉਸ ਰੇਟ ਨੂੰ ਲਾਗੂ ਨਹੀਂ ਕਰਦਾ। ਕੈਬ ਕੰਪਨੀਆਂ ਵੀ ਰੇਟ ਵਧਾਉਣ ਤੋਂ ਗੁਰੇਜ਼ ਕਰ ਰਹੀਆਂ ਹਨ। ਅਜਿਹੇ ‘ਚ ਆਟੋ ਕੈਬ ਚਾਲਕਾਂ ਲਈ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ।
ਇਸ ਲਈ ਅੱਜ ਟਰਾਈਸਿਟੀ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਜੇਕਰ ਇਸ ਪ੍ਰਦਰਸ਼ਨ ਤੋਂ ਬਾਅਦ ਵੀ ਆਟੋ ਕੈਬ ਡਰਾਈਵਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਲਿਆ ਜਾਵੇਗਾ। ਮੋਰਚੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਹੋਣ ਵਾਲਾ ਪ੍ਰਦਰਸ਼ਨ ਸੰਕੇਤਕ ਅਤੇ ਸ਼ਾਂਤਮਈ ਹੋਵੇਗਾ। ਸੈਂਕੜੇ ਡਰਾਈਵਰ ਵੀ ਐਸਟੀਏ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣਗੇ।























