ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਪ੍ਰਾਈਵੇਟ ਸਿਖਿਅਕ ਅਦਾਰੇ ਅੱਜ ਰਹਿਣਗੇ ਬੰਦ
ਪੜ੍ਹੋ, ਕੀ ਹੈ ਪੂਰਾ ਮਾਮਲਾ
ਗੁਰਦਾਸਪੁਰ, 4ਅਪ੍ਰੈਲ (ਵਿਸ਼ਵ ਵਾਰਤਾ) ਸਰਦਾਰ ਸਵਿੰਦਰ ਸਿੰਘ ਗਿੱਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਸੋਮਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਿਖਿਅਕ ਅਦਾਰੇ ਬੰਦ ਰਹਿਣਗੇ। ਇਹ ਐਲਾਨ ਸੁਖਜਿੰਦਰਾਂ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਸ .ਸਵਿੰਦਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਬੀਤੇ ਦਿਨੀਂ ਐਸ. ਜੀ. ਆਈ ਕੈਪਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਜੱਥੇਬੰਦੀਆਂ ਨੇ ਹਿੱਸਾ ਲੈਣ ਤੋਂ ਬਾਅਦ ਕੀਤਾ। ਇਸ ਜੱਥੇਬੰਦੀਆਂ ਵਿੱਚ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਦੇ ਪ੍ਰਧਾਨ ਸ. ਜਗਜੀਤ ਸਿੰਘ ਧੂਰੀ, ਜੈਕ ਦੇ ਸਰਪ੍ਰਸਤ ਡਾ. ਮਨਜੀਤ ਸਿੰਘ ਕੋ ਚੇਅਰਮੈਨ, ਡਾ. ਅੰਸ਼ੂ ਕਟਾਰੀਆ, ਗੁਰਦਾਸਪੁਰ ਜ਼ਿਲ੍ਹੇ ਦੇ ਸਕੂਲਾਂ ਦੇ ਪ੍ਰਧਾਨ ਡਾ. ਮੋਹਿਤ ਮਹਾਜਨ ਪ੍ਰਮੁੱਖ ਤੋਰ ਤੇ ਸ਼ਾਮਿਲ ਸਨ।
ਇਸ ਮੌਕੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਦੇ ਪ੍ਰਧਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਪੁਲਿਸ ਨੇ ਸਪਲੀਮੈਂਟਰੀ ਸਟੇਟਮੈਂਟ ਨੂੰ ਆਧਾਰ ਬਣਾ ਕੇ 4 ਸਾਲ ਦੀ ਬੱਚੀ ਦੇ ਰੇਪ ਕੇਸ ਵਿੱਚ ਅਸਲ ਮੁਜਰਮ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਸ. ਸਵਿੰਦਰ ਸਿੰਘ ਗਿੱਲ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਰੋਸ ਵੱਜੋਂ ਉਹਨਾਂ ਨੇ ਅੱਜ ਗੁਰਦਾਸਪੁਰ ਦੇ ਸਾਰੇ ਪ੍ਰਾਈਵੇਟ ਵਿਦਿੱਅਕ ਅਦਾਰੇ ਬੰਦ ਕਰਨ ਦਾ ਐਲਾਨ ਕੀਤਾ ਕਿਉਂਕਿ ਬੱਚੀ ਦੀ ਮਾਂ ਬੱਚੀ ਨੂੰ ਸਕੂਲ ਤੋਂ ਬਿਲਕੁਲ ਤੰਦਰੁਸਤ ਲੈ ਕੇ ਗਈ ਸੀ ਅਤੇ ਬਾਅਦ ਵਿੱਚ ਇਹ ਘਿਨੋਣਾ ਦੋਸ਼ ਲਗਾਇਆ ਗਿਆ ਹੈ। ਇਸ ਲਈ ਸ੍ਰੀ ਗਿੱਲ ਨੂੰ ਤੁਰੰਤ ਰਿਹਾ ਕੀਤਾ ਜਾਵੇ। ਡਾ. ਮੋਹਿਤ ਮਹਾਜਨ ਅਤੇ ਡਾ. ਅੰਸ਼ੂ ਕਟਾਰੀਆਂ ਨੇ ਕਿਹਾ ਕਿ ਪੁਲਿਸ ਨੇ ਹਾਈਵੇ ਤੋਂ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਚੁਕਵਾਉਣ ਦੇ ਦਬਾਅ ਹੇਠ ਆ ਕੇ ਸ੍ਰੀ ਗਿੱਲ ਨੂੰ ਅਰੈਸਟ ਕੀਤਾ ਹੈ। ਉਹਨਾਂ ਕਿਹਾ ਰਿਹਾਈ ਨਾ ਹੋਣ ਦੀ ਸੂਰਤ ਵਿੱਚ ਗੁਰਦਾਸਪੁਰ ਤੋਂ ਇਲਾਵਾ ਪੂਰੇ ਪੰਜਾਬ ਨੂੰ ਬੰਦ ਦਾ ਸੱਦਾ ਦਿੱਤਾ ਜਾਵੇਗਾ। ਡਾ. ਕਟਾਰਿਆ ਨੇ ਕਿਹਾ ਕਿ ਜੈਕ ਦਾ ਡੈਲੀਗੇਸ਼ਨ ਮੁੱਖ ਮੰਤਰੀ ਪੰਜਾਬ ਨਾਲ ਜਲਦ ਮੀਟਿੰਗ ਕਰ ਕੇ ਉਹਨਾਂ ਦੇ ਧਿਆਨ ਵਿੱਚ ਸਾਰਾ ਕੇਸ ਲਿਆਂਦਾ ਜਾਵੇਗਾ।























