ਪਾਕਿ ਟੀ ਹਾਊਸ ਲਾਹੌਰ ਵਿਖੇ ਅਣਖ਼ੀਲਾ ਧਰਤੀ ਪੁੱਤਃ ਦੁੱਲਾ ਭੱਟੀ ਦਾ ਸ਼ਾਹਮੁਖੀ ਰੂਪ ਘੁੰਮਣ, ਬੱਟ ਤੇ ਬਾਬਾ ਨਜਮੀ ਵੱਲੋਂ ਲੋਕ ਹਵਾਲੇ
ਲਾਹੌਰਃ 27 ਮਾਰਚ(ਵਿਸ਼ਵ ਵਾਰਤਾ)-ਲਾਹੌਰ ਦੇ ਮਸ਼ਹੂਰ ਇਤਿਹਾਸਕ ਸਰਗਰਮੀ ਕੇਂਦਰ ਪਾਕ ਟੀ ਹਾਊਸ ਵਿਚ 26ਮਾਰਚ ਨੂੰ ਦੁੱਲਾ ਭੱਟੀ ਦਾ 433 ਵਾਂ ਸ਼ਹੀਦੀ ਦਿਹਾੜਾ ਪੰਜਾਬੀ ਕੌਮੀ ਸੱਥ ਵੱਲੋਂ ਬੜੇ ਜ਼ੋਰ ਸ਼ੋਰ ਨਾਲ਼ ਮਨਾਇਆ ਗਿਆ।
ਇਸ ਇਕੱਠ ਦੀ ਸਦਾਰਤ ਪ੍ਰਸਿੱਧ ਲਿਖਾਰੀ ਇਲਿਆਸ ਘੁੰਮਣ ਹੋਰਾਂ ਕੀਤੀ। ਉਚੇਚੇ ਮਹਿਮਾਨਾਂ ਵਿਚ ਭੁਲੇਖਾ ਦੇ ਸੰਪਾਦਕ ਮੁਦੱਸਰ ਇਕਬਾਲ ਬੱਟ ਤੇ ਪੰਜਾਬੀ ਦੇ ਅਵਾਮੀ ਸ਼ਾਇਰ ਬਾਬਾ ਨਜਮੀ ਹੋਰਾਂ ਸਾਂਝ ਕੀਤੀ। ਪੰਜਾਬ ਦੇ ਵੱਖੋ ਵੱਖ ਸ਼ਹਿਰਾਂ ਵਿਚੋਂ ਕਈ ਅਦਬ ਨਵਾਜ਼ ਲੋਕਾਂ ਨੇ ਏਸ ਇਜਲਾਸ ਵਿਚ ਸ਼ਿਰਕਤ ਕੀਤੀ। ਇਸ ਮੌਕੇ ਅਮਰੀਕਾ ਵੱਸਦੇ ਵਿਦਵਾਨ ਖੋਜਕਾਰ ਸਃ ਧਰਮ ਸਿੰਘ ਗੋਰਾਇਆ ਹੋਰਾਂ ਦੀ ਕਿਤਾਬ ਅਣਖ਼ੀਲਾ ਧਰਤੀ ਪੁੱਤਰ ਦੁੱਲਾ ਭੱਟੀ ਦੀ ਘੁੰਢ ਚੁਕਾਈ ਕੀਤੀ ਗਈ ਤੇ ਦੁੱਲਾ ਭੱਟੀ ਦੀ ਕਬਰ ਤੇ ਹਾਜ਼ਰੀ ਦਿੱਤੀ ਗਈ ਤੇ ਓਥੇ ਵੀ ਏਸ ਕਿਤਾਬ ਨੂੰ ਲੋਕਾਂ ਹਵਾਲੇ ਕੀਤਾ ਗਿਆ।

ਦੁੱਲਾ ਭੱਟੀ ਦੀ ਅਜ਼ਮਤ ਤੇ ਗੱਲ ਕਰਦਿਆਂ ਹੋਇਆਂ ਇਲਿਆਸ ਘੁੰਮਣ ਹੋਰਾਂ ਦੱਸਿਆ ਕਿ ਕਿਵੇਂ ਚੁਗ਼ੱਤਿਆਂ ਦੇ ਐਡੀ ਮੂੰਹ ਜ਼ੋਰ ਹਕੂਮਤ ਅੱਗੇ ਪਿੰਡੀ ਭੱਟੀਆਂ ਦਾ ਇੱਕ ਨਾਬਰ ਹਿੱਕ ਤਾਣ ਕੇ ਖਲੋਤਾ ਰਿਹਾ ਤੇ ਆਪਣੇ ਪਿਓ ਦਾਦੇ ਦੀ ਨਾਬਰ ਰੀਤ ਨੂੰ ਨਿਭਾਇਆ। ਉਨ੍ਹਾਂ ਕਿਹਾ ਕਿ ਇਸ ਮੌਕੇ ਤੇ ਇਸੇ ਈ ਸਮੇਂ ਸਃ ਧਰਮ ਸਿੰਘ ਗੋਰਾਇਆ ਦੀ ਕਿਤਾਬ ਦਾ ਦੋਹਾਂ ਪੰਜਾਬਾਂ ਚ ਛਪਣਾ ਇੱਕ ਚੰਗਾ ਅਮਲ ਏ । ਇਸ ਸਮੇ ਸ਼ਹੀਦੀ ਦਿਹਾੜੇ ਦੇ ਨਾਲ਼ ਨਾਲ਼ ਕਿਤਾਬ ਤੇ ਵੀ ਬਹੁਤ ਚਰਚਾ ਹੋਈ।
ਪੰਜਾਬੀ ਯੂਨੀਅਨ ਦੇ ਚੇਅਰਮੈਨ ਮੁਦੱਸਰ ਇਕਬਾਲ ਬੱਟ ਜੋ ਕਿ ਬਾਬਾ ਫ਼ਰੀਦ ਬੁੱਕ ਫ਼ਾਊਂਡੇਸ਼ਨ ਦੇ ਬਾਨੀ ਵੀ ਨੇ ਉਨ੍ਹਾਂ ਨੇ ਦੱਸਿਆ ਕਿ ਮੇਰੇ ਸੱਜਣ ਮੁਹੰਮਦ ਆਸਿਫ਼ ਰਜ਼ਾ ਨੇ ਇਸ ਕਿਤਾਬ ਦਾ ਸ਼ਾਹਮੁਖੀ ਰੂਪ ਤਿਆਰ ਕਰਕੇ ਮੇਰੇ ਨਾਲ਼ ਗੱਲ ਕੀਤੀ ਕਿ ਏਸ ਕਿਤਾਬ ਦਾ ਦੁੱਲਾ ਭੱਟੀ ਸ਼ਹੀਦੀ ਦਿਹਾੜੇ ਤੇ ਹੀ ਆਣਾ ਚਾਹੀਦਾ ਏ। ਮੈਂ ਤੁਰਤ ਉਨ੍ਹਾਂ ਨੂੰ ਇਹਦੇ ਤੇ ਕੰਮ ਕਰਨ ਦਾ ਕਿਹਾ। ਇੰਝ ਅੱਜ ਆਸਿਫ਼ ਰਜ਼ਾ ਦੀ ਮਿਹਨਤ ਸਦਕਾ ਬਾਬਾ ਫ਼ਰੀਦ ਬੁੱਕ ਫ਼ਾਊਂਡੇਸ਼ਨ ਤੇ ਦੁੱਲਾ ਭੱਟੀ ਫ਼ਾਊਂਡੇਸ਼ਨ ਵੱਲੋਂ ਸਾਂਝੇ ਤੌਰ ਤੇ ਛਾਪੀ ਗਈ ਇਹ ਅਣਮੁੱਲੀ ਕਿਤਾਬ ਤੁਹਾਡੇ ਸਭ ਦੇ ਸਾਹਮਣੇ ਪੇਸ਼ ਕਰਦਿਆਂ ਫ਼ਖ਼ਰ ਮਹਿਸੂਸ ਕਰ ਰਹੇ ਹਾਂ।
ਬੱਟ ਹੋਰਾਂ ਆਖਿਆ ਕਿ ਅਸੀਂ ਇਹੋ ਜਿਹੀਆਂ ਕਿਤਾਬਾਂ ਲਈ ਸਭ ਦੋਸਤਾਂ ਨੂੰ ਖੁੱਲ੍ਹ ਸੱਦਾ ਦਿੰਦੇ ਹਾਂਕਿ ਉਹ ਸਾਡੇ ਤੋਂ ਜਿਹੋ ਜਿਹਾ ਵੀ ਸਾਥ ਮੰਗਣਗੇ ਅਸੀਂ ਦੇਣ ਨੂੰ ਤਿਆਰ ਹਾਂ।
ਅਵਾਮੀ ਸ਼ਾਇਰ ਬਾਬਾ ਨਜਮੀ ਹੋਰਾਂ ਨੇ ਏਸ ਸ਼ਹੀਦੀ ਦਿਹਾੜੇ ਤੇ ਗੱਲ ਕਰਦਿਆਂ ਹੋਇਆਂ ਆਖਿਆ ਕਿ ਅਸੀਂ ਪੰਜਾਬੀ ਪੂਰੀ ਜ਼ਿੰਦਗੀ ਏਸ ਗੱਲ ਦਾ ਮਾਣ ਕਰਦੇ ਰਹਾਂਗੇ ਕਿ ਪੰਜਾਬੀਆਂ ਵਿਚ ਦੁੱਲਾ ਭੱਟੀ ਜਹੇ ਅਣਖੀਲੇ ਪੁੱਤਰ ਪੈਦਾ ਹੋਏ। ਨਾ ਸਿਰਫ਼ ਇੱਕ ਦੁੱਲਾ ਭੱਟੀ ਸਗੋਂ ਏਸ ਕੌਮ ਵਿਚ ਪੋਰਸ, ਨਿਜ਼ਾਮ ਸੱਕਾ,ਮਲੰਗੀ, ਰਾਏ ਅਹਿਮਦ ਖ਼ਾਨ ਖਰਲ, ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ, ਊਧਮ ਸਿੰਘ, ਜੱਗਾ ਸੂਰਮਾ ਜਿਹੇ ਸੂਰਮੇ ਵੀ ਜੰਮਦੇ ਰਹੇ ਨੇਂ। ਉਨ੍ਹਾਂ ਨੇ ਦੁੱਲਾ ਭੱਟੀ ਨੂੰ ਸ਼ਰਧਾਂਜਲੀ ਪੇਸ਼ ਕਰਦਿਆਂ ਆਪਣੀਆਂ ਕੁਝ ਨਜ਼ਮਾਂ ਸੁਣਾਈਆਂ। ਵੱਖੋ ਵੱਖ ਸ਼ਹਿਰਾਂ ਤੋਂ ਆਏ ਸੱਜਣ, ਇਫ਼ਤਖ਼ਾਰ ਵੜੈਚ ਕਾਲਰਵੀ, ਸ਼ਹਲਾ ਨਕਵੀ, ਜਾਵੇਦ ਪੰਛੀ , ਯੂਸੁਫ਼ ਪੰਜਾਬੀ, ਹਫ਼ੀਜ਼ ਅਹਿਮਦ, ਆਸ਼ਿਕ ਅਲੀ ਫ਼ੈਸਲ, ਸ਼ੀਰਾਜ਼ੀ, ਮੁਹੰਮਦ ਆਸਿਫ਼ ਗੁੱਜਰ,ਮੀਆਂ ਆਸਿਫ਼ (ਐਡੀਟਰ ਪੰਜਾਬੀ ਜ਼ਬਾਨ), ਬਜ਼ਮੀ ਜੀ, ਸ਼ਾਹਿਦ ਨਜ਼ੀਰ, ਤੇ ਏਸ ਤੋਂ ਵੱਖ ਹੋਰ ਚੋਖੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।
ਇਜਲਾਸ ਖ਼ਤਮ ਹੋਣ ਮਗਰੋਂ ਸਾਰੇ ਲੋਕਾਂ ਨੇ ਦੁੱਲਾ ਭੱਟੀ ਦੇ ਮਜ਼ਾਰ ਤੇ ਵੀ ਚਾਦਰ ਚੜ੍ਹਾਈ ਗਈ ਤੇ ਕਿਤਾਬਾਂ ਰੱਖ ਕੇ ਪੰਜਾਬ ਪੰਜਾਬੀ ਦੇ ਵਿਕਾਸ ਵਾਸਤੇ ਕੰਮ ਕਰਨ ਦਾ ਅਹਿਦ ਵੀ ਕੀਤਾ ਗਿਆ।
ਆਏ ਸਾਰੇ ਮਹਿਮਾਨਾਂ ਨੂੰ ਦੁੱਲਾ ਭੱਟੀ ਫ਼ਾਊਂਡੇਸ਼ਨ ਵੱਲੋਂ ਦੁੱਲਾ ਭੱਟੀ ਦਾ ਪੋਸਟਰ ਤੇ ਕਿਤਾਬਾਂ ਵੀ ਦਿੱਤੀਆਂ। ਦੁੱਲਾ ਭੱਟੀ ਦੇ ਮਜ਼ਾਰ ਤੇ ਏਸ ਕਿਤਾਬ ਨੂੰ ਖ਼ਸੂਸੀ ਤੌਰ ਤੇ ਸ਼ਰਧਾਂਜਲੀ ਵਜੋਂ ਭੇਂਟ ਗਿਆ।























