ਅਗਸਤ ਦੀ ਇਸ ਤਰੀਕ ਤੋਂ ਸ਼੍ਰੀਲੰਕਾ ‘ਚ ਹੋਵੇਗਾ ਏਸ਼ੀਆ ਕੱਪ
ਭਾਰਤ-ਪਾਕਿਸਤਾਨ ਫਿਰ ਹੋਣਗੇ ਆਹਮੋ-ਸਾਹਮਣੇ
ਚੰਡੀਗੜ੍ਹ, 20ਮਾਰਚ(ਵਿਸ਼ਵ ਵਾਰਤਾ)- ਏਸ਼ੀਆ ਕੱਪ 27 ਅਗਸਤ ਤੋਂ 11 ਸਤੰਬਰ ਵਿਚਾਲੇ ਸ਼੍ਰੀਲੰਕਾ ਵਿੱਚ ਆਯੋਜਿਤ ਕੀਤਾ ਜਾਵੇਗਾ। ਅਜਿਹੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਵਾਰ ਦਾ ਟੂਰਨਾਮੈਂਟ ਟੀ20 ਫਾਰਮੈਟ ਵਿੱਚ ਖੇਡਿਆ ਜਾਵੇਗਾ ਤੇ ਇਸ ਦੇ ਲਈ ਕਵਾਲੀਫਾਇਰ 20 ਅਗਸਤ 2022 ਤੋਂ ਖੇਡੇ ਜਾਣਗੇ। ਏਸ਼ੀਆ ਕੱਪ 2022 ਵਿੱਚ ਛੇ ਟੀਮਾਂ ਹੋਣਗੀਆਂ, ਇਸ ਵਿੱਚ ਭਾਰਤ, ਸ਼੍ਰੀਲੰਕਾ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਤੇ ਇੱਕ ਕੁਆਲੀਫਾਇਰ ਸ਼ਾਮਲ ਹਨ। ਕੁਆਲੀਫਾਇਰ ਮੁਕਾਬਲੇ ਯੂਏਈ, ਕੁਵੈਤ, ਸਿੰਗਾਪੁਰ ਤੇ ਹਾਂਗਕਾਂਗ ਵਿਚਾਲੇ ਖੇਡੇ ਜਾਣਗੇ। ਇਥੇ ਇਹ ਗੱਲ ਵਰਨਣਯੋਗ ਹੈ ਕਿ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ 14 ਵਾਰ ਸ਼੍ਰਿਲੰਕਾ ਨੇ ਹਿੱਸਾ ਲਿਆ। ਇਸ ਤੋਂ ਬਾਅਦ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਹਨ ਜਿਨ੍ਹਾਂ ਨੇ 13 ਵਾਰ ਇਹ ਟੂਰਨਾਮੈਂਟ ਖੇਡਿਆ ਹੈ।
ਦੱਸ ਦੱਈਏ ਕਿ ਟੀਮ ਇੰਡੀਆ ਏਸ਼ੀਆ ਕੱਪ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ। 1984 ਵਿੱਚ ਇਸ ਟੂਰਨਾਮੈਂਟ ਦਾ ਪਹਿਲੀ ਵਾਰ ਆਯੋਜਨ ਕੀਤਾ ਗਿਆ ਸੀ, ਉਦੋਂ ਤੋਂ ਭਾਰਤ ਨੇ ਸੱਤ ਵਾਰ ਖਿਤਾਬ ਜਿੱਤਿਆ ਹੈ। ਭਾਰਤੀ ਟੀਮ 1984, 1988, 1990-01, 1995, 2010, 2016 ਤੇ 2018 ਵਿੱਚ ਚੈਂਪੀਅਨ ਰਹਿ ਚੁੱਕੀ ਹੈ। ਦੂਜੇ ਪਾਸੇ ਸ਼੍ਰੀਲੰਕਾ ਪੰਜ ਖਿਤਾਬ ਜਿੱਤ ਦੇ ਨਾਲ ਦੂਜੇ ਨੰਬਰ ਤੇ ਹੈ। ਸ਼੍ਰੀਲੰਕਾ ਨੇ 1986, 1997, 2004, 2008 ਤੇ 2014 ਵਿੱਚ ਖਿਤਾਬ ਜਿੱਤਿਆ ਸੀ, ਪਾਕਿਸਤਾਨ ਨੇ 2000 ਤੇ 2012 ਵਿੱਚ ਇਹ ਟੂਰਨਾਮੈਂਟ ਜਿੱਤਿਆ ਸੀ।























