ਜਥੇਦਾਰ ਅਕਾਲ ਤਖ਼ਤ , ਸੁਖਬੀਰ ਤੇ ਬਾਬਾ ਧੁੰਮਾਂ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ : ਫੈਡਰੇਸ਼ਨ
ਚੰਡੀਗੜ੍ਹ, 16 ਮਾਰਚ(ਵਿਸ਼ਵ ਵਾਰਤਾ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਰਕਿੰਗ ਜਨਰਲ ਸਕੱਤਰ ਸ ਕੁਲਦੀਪ ਸਿੰਘ ਮਜੀਠੀਆਂ ਤੇ ਹਰਸ਼ਰਨ ਸਿੰਘ ਭਾਂਤਪੁਰ ਜੱਟਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ , ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦੁਰਗੱਤ ਭਰੀ ਹਾਰ ਤੋਂ ਬਾਅਦ ਆਪੋ ਆਪਣੀ ਨੈਤਿਕ ਜ਼ੁੰਮੇਵਾਰੀ ਸਮਝਦਿਆਂ ਆਪੋ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਇਹਨਾਂ ਅਹੁਦਿਆਂ ਲਈ ਯੋਗ ਪੰਥਪ੍ਰਸਤ ਤੇ ਢੁਕਵੀਆਂ ਸ਼ਖ਼ਸੀਅਤਾਂ ਲਈ ਮੈਦਾਨ ਖਾਲੀ ਕਰ ਦੇਣਾ ਚਾਹੀਦਾ ਹੈ । ਸਭ ਤੋਂ ਪਹਿਲਾਂ ਬਾਬਾ ਹਰਨਾਮ ਸਿੰਘ ਧੁੰਮਾਂ ਅਕਾਲੀ ਦਲ ਦੀ ਹਾਰ ਲਈ ਨੈਤਿਕ ਜ਼ੁੰਮੇਵਾਰੀ ਲੈਂਦਿਆਂ ਅਸਤੀਫਾ ਦੇਵੇ ਕਿਉਂਕਿ ਪਹਿਲਾਂ ਬਾਦਲਾਂ ਦੀ ਜਿੱਤ ਦੇ ਸਿਹਰੇ ਵੀ ਤੁਸੀਂ ਲੈਂਦੇ ਰਹੇ ਹੋ । ਬਾਬਾ ਹਰਨਾਮ ਸਿੰਘ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਬਾਬਾ ਠਾਕੁਰ ਸਿੰਘ ਜੀ ਨੇ ਬਾਦਲ ਨੂੰ ਆਪਣੇ ਦਰਵਾਜ਼ੇ ਦੀ ਕਦੇ ਸਰਦਲ ਨਹੀਂ ਸੀ ਟੱਪਣ ਦਿੱਤੀ ਸੀ ਤੇ ਤੁਸੀਂ ਬਾਦਲਾਂ ਦੀਆਂ ਸਰਦਲਾਂ ਤੋਂ ਸਿਰ ਹੀ ਨਹੀਂ ਚੁੱਕਦੇ । ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਰੀੜ੍ਹ ਦੀ ਹੱਡੀ ਸੀ। ਇਸ ਰੀੜ੍ਹ ਦੀ ਹੱਡੀ ਨੂੰ ਕਿਸੇ ਹੋਰ ਨੇ ਨਹੀਂ ਤੋੜਿਆ, ਬਲਕਿ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਹੀ ਤੋੜਿਆ ਹੈ। ਜਦੋਂ ਕੋਈ ਬੱਚਾ ਵਿਗੜਨਾ ਸ਼ੁਰੂ ਹੁੰਦਾ ਹੈ ਤਾਂ ਪਿਉ ਦਾ ਫਰਜ ਬਣਦਾ ਹੈ ਕਿ ਬੱਚਿਆਂ ਨੂੰ ਰੋਕੇ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਬਾਦਲਾਂ ਦੀਆਂ ਪੰਥ ਤੇ ਪੰਜਾਬ ਮਾਰੂ ਕਰਤੂਤਾਂ ਦੇ ਅੱਗੇ ਅੱਖਾਂ ਤੇ ਕਾਲੀ ਪੱਟੀ ਬੰਨ੍ਹੀ ਰੱਖੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਪੰਥ ਦੀ ਬਰਬਾਦੀ ਦਾ ਨਜ਼ਾਰਾ ਤਮਾਸ਼ਬੀਨ ਬਣਕੇ ਦੇਖਦੇ ਰਹੇ। ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਬਾਦਲ ਕੌਮੀ ਸਰਮਾਏ ਦੀ ਲੁੱਟ ਕਰਦਾ ਰਿਹਾ, ਧਾਰਮਿਕ ਤੇ ਪੰਥਕ ਅਦਾਰਿਆਂ ਨੂੰ ਪੰਥ ਵਿਰੋਧੀ ਤਾਕਤਾਂ ਦੇ ਅੱਡੇ ਬਣਾ ਦਿੱਤਾ ਤੁਸੀਂ ਆਪਣੀਆਂ ਜਥੇਦਾਰੀਆਂ ਪੱਕੀਆਂ ਕਰਨ ਖ਼ਾਤਰ ਤਖਤਾਂ ਦੇ ਜਥੇਦਾਰ ਮੂਕ ਦਰਸ਼ਕ ਬਣੇ ਰਹੇ। ਜਥੇਦਾਰ ਜੀ ਬਾਦਲ ਖ਼ਤਮ ਹੋਏ ਹਨ ਸ਼੍ਰੋਮਣੀ ਅਕਾਲੀ ਦਲ ਖ਼ਤਮ ਨਹੀਂ ਹੋਇਆ ।ਹੁਣ ਵੀ ਤੂਸੀ ਬਾਦਲ ਪਰਿਵਾਰ ਦੀ ਪੁਨਰ ਸੁਰਜੀਤੀ ਦਾ ਝੰਡਾ ਚੁਕ ਲਿਆ ਹੈ ਜੋ ਆਪ ਜੀ ਵਰਗੀ ਸ਼ਖਸੀਯਤ ਲਈ ਸ਼ੋਭਨੀਕ ਨਹੀ ਹੈ। ਅੱਜ ਸਿੱਖ ਕੌਮ ਨੂੰ ਇੰਤਜਾਰ ਹੈ ਇੱਕ ਐਸੇ ਜਥੇਦਾਰ ਦਾ ਜੋ ਸਿੱਖ ਕੌਮ ਨੂੰ ਬਾਦਲਾਂ ਵਲੋਂ ਪੈਦਾ ਕੀਤੇ ਘੁੱਪ ਹਨੇਰੇ ਵਿੱਚੋਂ ਬਾਹਰ ਕੱਢ ਸਕੇ। ਬਾਦਲਾਂ ਨੂੰ ਅਕਾਲੀ ਦਲ ਤੋਂ ਪਾਸੇ ਕਰਨ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦਾ ਪੁਨਰਜਨਮ ਤੇ ਪੁਨਰਗਠਨ ਹੋਵੇਗਾ।























