12ਵੀਂ ਹਾਕੀ ਇੰਡੀਆ ਜੂਨੀਅਰ ਤੇ ਸੀਨੀਅਰ ਮਰਦ ਕੌਮੀ ਹਾਕੀ :
ਪੰਜਾਬ ਟੀਮ ਲਈ ਚੋਣ ਟ੍ਰਾਈਲ 19 ਮਾਰਚ ਨੂੰ
ਅੰਮ੍ਰਿਤਸਰ, 12 ਮਾਰਚ ( ਵਿਸ਼ਵ ਵਾਰਤਾ) : 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਤੇ ਸੀਨੀਅਰ ਮਰਦ ਹਾਕੀ ਚੈਂਪੀਅਨਸ਼ਿਪ ਲਈ ਪੰਜਾਬ ਹਾਕੀ ਟੀਮ ਦੀ ਲਈ ਚੌਣ ਟ੍ਰਾਈਲ 19 ਮਾਰਚ ਨੂੰ ਜਲੰਧਰ ਵਿਖੇ ਹੋਣਗੇ । ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 12ਵੀਂ ਹਾਕੀ ਇੰਡੀਆ ਕੌਮੀ (ਸੀਨਿਅਰ ਮਰਦ) ਹਾਕੀ ਚੈਂਪੀਅਨਸ਼ਿਪ 6 ਤੋਂ 17 ਅਪ੍ਰੈਲ ਤਕ ਭੋਪਾਲ (ਮੱਧ ਪ੍ਰਦੇਸ਼) ਵਿਖੇ ਅਤੇ 12ਵੀਂ ਹਾਕੀ ਇੰਡੀਆ ਕੌਮੀ (ਜੂਨੀਅਰ ਮਰਦ) ਹਾਕੀ ਚੈਂਪੀਅਨਸ਼ਿਪ 18 ਤੋਂ 29 ਮਈ ਤਕ ਕੋਵਿਲਪੱਟੀ (ਤਾਮਿਲਨਾਡੂ) ਵਿਚ ਭਾਗ ਲੈਣ ਲਈ ਪੰਜਾਬ ਦੀ ਜੂਨੀਅਰ ਤੇ ਸੀਨੀਅਰ ਹਾਕੀ ਟੀਮ ਲਈ ਚੌਣ ਟ੍ਰਾਈਲ 19 ਮਾਰਚ ਨੂੰ ਜਲੰਧਰ ਦੇ ਪੀ. ਏ.ਪੀ. ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਹੋਣਗੇ । ਜੂਨੀਅਰ ਤੇ ਸੀਨੀਅਰ ਵਰਗ ਲਈ ਚੌਣ ਟ੍ਰਾਈਲ ਕ੍ਰਮਵਾਰ ਸਵੇਰੇ 9.00 ਵਜ਼ੇ ਤੇ 12.00 ਵਜ਼ੇ ਹੋਣਗੇ । ਜੂਨੀਅਰ ਵਰਗ ਦੇ ਉਹ ਖਿਡਾਰੀ, ਜਿਹਨਾਂ ਦਾ ਜਨਮ 1 ਜਨਵਰੀ 2003 ਤੋਂ ਬਾਦ ਹੋਇਆ ਹੋਵੇਗਾ, ਟ੍ਰਾਈਲ ਵਿਚ ਭਾਗ ਲੈਣ ਦੇ ਯੋਗ ਹੋਣਗੇ ।ਓਲੰਪੀਅਨ ਸ਼ੰਮੀ ਨੇ ਅੱਗੇ ਕਿਹਾ ਇਹਨਾਂ ਚੌਣ ਟ੍ਰਾਈਲ ਲਈ ਹਾਕੀ ਇੰਡੀਆ ਵਲੋਂ ਨਿਯੁਕਤ ਕੀਤੀ ਹਾਕੀ ਪੰਜਾਬ ਲਈ ਐਡਹੱਕ ਕਮੇਟੀ ਵੱਲੋਂ ਹਰਪ੍ਰੀਤ ਸਿੰਘ ਮੰਡੇਰ, ਬਲਵਿੰਦਰ ਸਿੰਘ ਸ਼ੰਮੀ, ਬਲਜੀਤ ਸਿੰਘ ਢਿੱਲੋਂ, ਗਗਨਅਜੀਤ ਸਿੰਘ (ਸਾਰੇ ਓਲੰਪੀਅਨ) ਜੁਗਰਾਜ ਸਿੰਘ, ਬਿਕਰਮਜੀਤ ਸਿੰਘ ਕਾਕਾ, ਕੰਵਲਪ੍ਰੀਤ ਸਿੰਘ ਚਾਹਲ, ਤੇਜਬੀਰ ਸਿੰਘ ਹੁੰਦਲ, ਸਵਰਨਜੀਤ ਸਿੰਘ ਅਤੇ ਅਮਰੀਕ ਸਿੰਘ ਪਵਾਰ (ਸਾਰੇ ਸਾਬਕਾ ਅੰਤਰਰਾਸਟਰੀ ਖਿਡਾਰੀ) ਨੂੰ ਸਲੈਕਸ਼ਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ।






















