ਕਿਹਾ, ਕਿਸੇ ਉਤੇ ਪਰਚੇ ਦਰਜ ਕਰਾਉਣ ’ਚ ਨਹੀਂ ਪੈਣਾ, ਲੋਕਾਂ ਦੇ ਕੰਮ ਕਰਨੇ ਹਨ
ਭਗਵੰਤ ਮਾਨ ਨੇ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਪਹਿਲੀ ਵਾਰ ਕੀਤਾ ਸੰਬੋਧਨ

ਚੰਡੀਗੜ੍ਹ, 11 ਮਾਰਚ – ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲਣ ਤੋਂ ਬਾਅਦ ਅੱਜ ਵਿਧਾਇਕਾਂ ਦੀ ਮੋਹਾਲੀ ਵਿੱਚ ਮੀਟਿੰਗ ਹੋਈ। ਭਗਵੰਤ ਮਾਨ ਨੇ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਪਹਿਲੀ ਵਾਰ ਸੰਬੋਧਨ ਕੀਤਾ। ਉਨ੍ਹਾਂ ਵਿਧਾਇਕਾਂ ਨੁੰ ਕਿਹਾ ਕਿ ਹੁਣ ਤੁਸੀਂ ਚੰਡੀਗੜ੍ਹ ਵਿੱਚ ਨਹੀਂ ਬੈਠਣਾ, ਉਥੇ ਜਾ ਕੇ ਕੰਮ ਕਰਨਾ ਹੈ ਜਿੱਥੋਂ ਵੋਟਾਂ ਮੰਗੀਆਂ ਸਨ। ਉਨ੍ਹਾਂ ਕਿਹਾ ਕਿ ਤੁਸੀਂ ਘੱਟ ਤੋਂ ਘੱਟ ਚੰਡੀਗੜ੍ਹ ਰਹਿਣਾ, ਸਰਕਾਰ ਪਿੰਡਾਂ, ਮੁਹੱਲਿਆਂ ਵਿੱਚੋਂ ਚਲੇਗੀ। ਉਨ੍ਹਾਂ ਕਿਹਾ ਕਿ ਤੁਸੀਂ ਅਫਸਰਾਂ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਜਾਓ ਉਥੇ ਹੀ ਮਸਲੇ ਹੱਲ ਕਰੋ। ਉਨ੍ਹਾਂ ਕਿਹਾ ਕਿ ਜਿਹੜਾ ਅਫਸਰ ਕਹਿੰਦੇ ਮੈਂ ਪਿੰਡਾਂ ਵਿੱਚ ਨਹੀਂ ਜਾਣਾ ਉਸ ਨੂੰ ਕਹੋ ਤੂੰ ਚੰਡੀਗੜ੍ਹ ਆ ਜਾ।























